ਕੇਂਦਰੀ ਯਮਨ ਵਿੱਚ ਧਮਾਕਾ, 15 ਵਿਅਕਤੀਆਂ ਦੀ ਮੌਤ
ਕਾਹਿਰਾ, 12 ਜਨਵਰੀ
ਕੇਂਦਰੀ ਯਮਨ ਵਿੱਚ ਇਕ ਗੈਸ ਸਟੇਸ਼ਨ ਨੂੰ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਸਿਹਤ ਅਧਿਕਾਰੀਆਂ ਨੇ ਦਿੱਤੀ। ਹੂਤੀ ਬਾਗੀਆਂ ਵੱਲੋਂ ਚਲਾਏ ਜਾਂਦੇ ਸਿਹਤ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਘਟਨਾ ਵਿੱਚ ਘੱਟੋ-ਘੱਟ 67 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ’ਚੋਂ 40 ਦੀ ਹਾਲਤ ਗੰਭੀਰ ਹੈ। ਇਹ ਧਮਾਕਾ ਸ਼ਨਿਚਰਵਾਰ ਨੂੰ ਬਾਇਦਾ ਪ੍ਰਾਂਤ ਦੇ ਜ਼ਹੇਰ ਜ਼ਿਲ੍ਹੇ ਵਿੱਚ ਹੋਇਆ।
ਮੰਤਰਾਲੇ ਨੇ ਕਿਹਾ ਕਿ ਬਚਾਅ ਟੀਮਾਂ ਵੱਲੋਂ ਘਟਨਾ ਵਿੱਚ ਲਾਪਤਾ ਹੋਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਸੀ ਹੋ ਸਕਿਆ। ਆਨਲਾਈਨ ਸਰਕੁਲੇਟ ਹੋ ਰਹੀ ਵੀਡੀਓ ਫੁਟੇਜ ਵਿੱਚ ਭਿਆਨਕ ਅੱਗ ਲੱਗੀ ਹੋਈ ਦਿਖ ਰਹੀ ਹੈ, ਜਿਸ ਕਰ ਕੇ ਅਸਮਾਨ ਵਿੱਚ ਧੂੰਆਂ ਹੀ ਧੂੰਆਂ ਦਿਖ ਰਿਹਾ ਹੈ ਅਤੇ ਵਾਹਨ ਸੜੇ ਹੋਏ ਨਜ਼ਰ ਆ ਰਹੇ ਹਨ।
ਬਾਇਦਾ ਵਿੱਚ ਇਰਾਨ ਦੀ ਹਮਾਇਤ ਪ੍ਰਾਪਤ ਹੂਤੀ ਬਾਗੀਆਂ ਦਾ ਰਾਜ ਹੈ ਜਿਨ੍ਹਾਂ ਦੀ ਯਮਨ ਦੀ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਕਾਰ ਨਾਲ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਯਮਨ ਵਿੱਚ ਖਾਨਾਜੰਗੀ 2014 ਵਿੱਚ ਸ਼ੁਰੂ ਹੋਈ ਸੀ, ਜਦੋਂ ਬਾਗੀਆਂ ਨੇ ਰਾਜਧਾਨੀ ਸਨਾ ’ਤੇ ਕੰਟਰੋਲ ਕਾਇਮ ਕਰ ਲਿਆ ਸੀ। -ਏਪੀ