ਇੰਡੋਨੇਸ਼ੀਆ ’ਚ ਅਸਲਾ ਨਕਾਰਾ ਕਰਨ ਦੌਰਾਨ ਧਮਾਕਾ; 13 ਹਲਾਕ
ਜਕਾਰਤਾ, 13 ਮਈ
ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਵਿੱਚ ਅੱਜ ਗ਼ੈਰ-ਵਰਤੋਂਯੋਗ ਤੇ ਮਿਆਦ ਪੁਗਾ ਚੁੱਕਾ ਅਸਲਾ ਨਕਾਰਾ ਕਰਨ ਦੌਰਾਨ ਧਮਾਕੇ ’ਚ ਫੌਜ ਦੇ ਚਾਰ ਜਵਾਨਾਂ ਸਣੇ ਘੱਟੋ-ਘੱਟ 13 ਵਿਅਕਤੀ ਮਾਰੇ ਗਏ। ਮਿਲਟਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਧਮਾਕੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਘਟਨਾ ’ਚ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ।
ਇੰਡੋਨੇਸ਼ਿਆਈ ਫੌਜ ਦੇ ਮੈਂਬਰ ਗਰੂਟ ਜ਼ਿਲ੍ਹੇ ਦੇ ਸਾਗਰਾ ਪਿੰਡ ਵਿੱਚ ਵਾਤਾਵਰਨ ਸੁਰੱਖਿਅਣ ਇਲਾਕੇ ’ਚ ਮਿਲਟਰੀ ਵੇਅਰਹਾਊਸ ਸੈਂਟਰ ’ਚ ਸਟੋਰ ਕੀਤੇ ਨਾਵਰਤਣਯੋਗ ਅਤੇ ਮਿਆਦ ਪੁਗਾ ਚੁੱਕੇ ਗੋਲਾ-ਬਾਰੂਦ ਨੂੰ ਨਕਾਰਾ ਕਰ ਰਹੇ ਸਨ। ਇੰਡੋਨੇਸ਼ਿਆਈ ਮਿਲਟਰੀ ਦੇ ਤਰਜਮਾਨ ਮੇਜਰ ਜਨਰਲ ਕ੍ਰਿਸਟੋਮੇਈ ਸਿਆਨਤੁਰੀ ਨੇ ਦੱਸਿਆ ਕਿ ਇੱਕ ਧਮਾਕੇ ਤੋਂ ਤੁਰੰਤ ਬਾਅਦ ਦੂਜਾ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਧਮਾਕਿਆਂ ਕਾਰਨ ਨੌਂ ਆਮ ਨਾਗਰਿਕ ਤੇ ਚਾਰ ਸੈਨਿਕ ਮਾਰੇ ਗਏ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਿਆਨਤੁਰੀ ਮੁਤਾਬਕ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਅਤੇ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਗੋਲਾ ਬਾਰੂਦ ਨਕਾਰਾ ਕਰਨ ਦੌਰਾਨ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।
ਸਥਾਨਕ ਟੈਲੀਵਿਜ਼ਨ ’ਤੇ ਧਮਾਕੇ ਦੀ ਫੁਟੇਜ ਦਿਖਾਈ ਗਈ ਹੈ, ਜਿਸ ’ਚ ਧਮਾਕੇ ਮਗਰੋਂ ਅਸਮਾਨ ’ਚ ਰੌਸ਼ਨੀ ਤੇ ਧੂੰਆਂ ਉੱਠਦਾ ਹੋਇਆ ਦਿਖਾਈ ਦੇ ਰਿਹਾ ਹੈ। ਇੱਕ ਹੋਰ ਵੀਡੀਓ ’ਚ ਐਂਬੂਲੈਂਸਾਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਵਿੱਚ ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਲਿਜਾਇਆ ਜਾ ਰਿਹਾ ਹੈ। -ਏਪੀ