ਅਰਬ ਦੇਸ਼ਾਂ ’ਚ ਨਹੀਂ ਰੁਕ ਰਿਹਾ ਲੜਕੀਆਂ ਦਾ ਸ਼ੋਸ਼ਣ
ਪੱਤਰ ਪ੍ਰੇਰਕ
ਜਲੰਧਰ, 10 ਅਕਤੂਬਰ
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਮਹੀਨੇ ਵਿਚ ਮਸਕਟ ਓਮਾਨ ਤੇ ਇਰਾਕ ਵਿੱਚੋਂ 17 ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ ਹੋਈ ਹੈ। ਅਰਬ ਦੇਸ਼ਾਂ ਵਿੱਚ ਇਹ ਕੁੜੀਆਂ ਪਿਛਲੇ 6-7 ਮਹੀਨਿਆਂ ਤੋਂ ਟਰੈਵਲ ਏਜੰਟਾਂ ਦੇ ਚੁੰਗਲ ਵਿੱਚ ਫਸੀਆਂ ਹੋਈਆਂ ਸਨ। ਵਾਪਸ ਪਰਤੀਆਂ ਲੜਕੀਆਂ ਦਾ ਆਪਣੇ ਪਰਿਵਾਰਾਂ ਵਿੱਚ ਪਰਤਣ ’ਤੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਦੇਸ਼ ਪਰਤੀਆਂ 17 ਕੁੜੀਆਂ ਵਿੱਚੋਂ ਇਕ ਕੁੜੀ ਝਾਰਖੰਡ ਦੀ ਹੈ ਤੇ ਬਾਕੀ ਪੰਜਾਬ ਦੀਆਂ ਹਨ। ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਕਵਿੇਂ ਉਨ੍ਹਾਂ ਕੋਲੋਂ ਗੈਰ-ਮਨੁੱਖੀ ਕੰਮ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਕੋਲੋਂ ਜਬਰੀ ਵੱਡੇ ਜਾਨਵਰਾਂ ਦਾ ਮਾਸ ਕੱਟਣ ਅਤੇ ਉਨ੍ਹਾਂ ਦਾ ਭੋਜਨ ਬਣਾਉਣ ਲਈ ਕਿਹਾ ਜਾਂਦਾ ਸੀ। ਨਵਾਂ ਸ਼ਹਿਰ, ਅੰਮ੍ਰਿਤਸਰ ਤੇ ਮੁਹਾਲੀ ਜ਼ਿਲ੍ਹਿਆਂ ਤੋਂ ਆਈਆਂ ਲੜਕੀਆਂ ਨੇ ਦੱਸਿਆ ਕਿ ਜੋ ਹਾਲਾਤ ਉੱਥੇ ਲੜਕੀਆਂ ਦੇ ਹਨ ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਵਾਪਸ ਆਈ ਲੜਕੀ ਨੇ ਦੱਸਿਆ ਕਿ ਉੱਥੇ ਸ਼ੁਰੂ ਵਿੱਚ ਏਜੰਟਾਂ ਵੱਲੋਂ ਲੜਕੀਆਂ ਨਾਲ ਬਹੁਤ ਵਧੀਆ ਸਲੂਕ ਕੀਤਾ ਜਾਂਦਾ ਹੈ ਪਰ ਜਿਉਂ ਹੀ ਲੜਕੀਆਂ ਕੋਲੋਂ ਅਰਬੀ ਭਾਸ਼ਾ ਵਿੱਚ ਲਿਖੇ ਹਲਫਨਾਮੇ ’ਤੇ ਦਸਤਖਤ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਦਾ ਵਤੀਰਾ ਬਦਲ ਜਾਂਦਾ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ ਓਮਾਨ ਤੇ ਇਰਾਕ ਵਿਚਲੇ ਭਾਰਤੀ ਦੂਤਾਵਾਸਾਂ ਨੇ ਜਿਸ ਤੇਜ਼ੀ ਨਾਲ ਇਨ੍ਹਾਂ ਲੜਕੀਆਂ ਨੂੰ ਵਾਪਸ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ , ਉਹ ਬਹੁਤ ਸ਼ਲਾਘਾਯੋਗ ਹੈ।