ਸ਼ੋਸ਼ਣ ਮਾਮਲਾ: ਵਿਦਿਆਰਥਣਾਂ ਕਮੇਟੀ ਸਾਹਮਣੇ ਪੇਸ਼
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਸਤੰਬਰ
ਇੱਥੋਂ ਦੇ ਡੀਏਵੀ ਕਾਲਜ ਸੈਕਟਰ 10 ਵਿਚ ਇਕ ਅਸਿਸਟੈਂਟ ਪ੍ਰੋਫੈਸਰ ਵਲੋਂ ਵਿਦਿਆਰਥਣਾਂ ਦੇ ਸ਼ੋਸ਼ਣ ਦੇ ਮਾਮਲੇ ਵਿਚ ਅੱਜ ਸ਼ਿਕਾਇਤ ਕਰਨ ਵਾਲੀਆਂ ਵਿਦਿਆਰਥਣਾਂ ਜਾਂਚ ਕਮੇਟੀ ਸਾਹਮਣੇ ਪੇਸ਼ ਹੋਈਆਂ। ਉਨ੍ਹਾਂ ਜਾਂਚ ਕਮੇਟੀ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਕਮੇਟੀ ਵਿਚ ਕੋਈ ਵੀ ਪੁਰਸ਼ ਮੈਂਬਰ ਨਾ ਹੋਵੇ ਕਿਉਂਕਿ ਉਹ ਉਨ੍ਹਾਂ ਸਾਹਮਣੇ ਆਪਣੀ ਗੱਲ ਬੇਝਿਜਕ ਹੋ ਕੇ ਨਹੀਂ ਰੱਖ ਸਕਣਗੀਆਂ। ਇਸ ਤੋਂ ਬਾਅਦ ਜਾਂਚ ਕਮੇਟੀ ਵਿਚੋਂ ਪੁਰਸ਼ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਲੜਕੀਆਂ ਨੇ ਆਪਣੀ ਜ਼ੁਬਾਨੀ ਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਕਾਲਜ ਨੇ ਉਕਤ ਪ੍ਰੋਫੈਸਰ ਦਾ ਅਸਤੀਫਾ ਜਾਂਚ ਕਮੇਟੀ ਨੂੰ ਸੌਂਪਿਆ, ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋ ਕੇ ਸ਼ਾਮ ਸੱਤ ਵਜੇ ਸਮਾਪਤ ਹੋਈ। ਸ਼ਿਕਾਇਤ ਕਰਨ ਵਾਲੀਆਂ ਛੇ ਤੋਂ ਦਸ ਲੜਕੀਆਂ ਜਾਂਚ ਤੋਂ ਬਾਅਦ ਬਾਹਰ ਗਈਆਂ ਤਾਂ ਇਨ੍ਹਾਂ ਲੜਕੀਆਂ ਦੀ ਪਛਾਣ ਗੁਪਤ ਰੱਖਣ ਲਈ ਕਾਲਜ ਨੇ 20 -25 ਹੋਰ ਕੁੜੀਆਂ ਸੱਦੀਆਂ ਤੇ ਉਨ੍ਹਾਂ ਨੂੰ ਇਕੱਠਿਆਂ ਬਾਹਰ ਭੇਜਿਆ ਗਿਆ। ਸ਼ਹਿਰ ਦੇ ਇੱਕ ਕੌਂਸਲਰ ਨ ਕਾਲਜ ’ਚ ਆ ਕੇ ਜਾਂਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਲਜ ਪ੍ਰਬੰਧਕਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ। ਸੂਤਰਾਂ ਨੇ ਦੱਸਿਆ ਕਿ ਜਾਂਚ ਕਮੇਟੀ ਵਿਚ ਤਿੰਨ ਪੁਰਸ਼ ਮੈਂਬਰ ਹਨ ਜਿਸ ਅਸਿਸਟੈਂਟ ਪ੍ਰੋਫੈਸਰ ਖਿਲਾਫ਼ ਉਨ੍ਹਾਂ ਨੇ ਦੋਸ਼ ਲਾਏ ਹਨ, ਉਹ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀਸੀਸੀਟੀਯੂ) ਦਾ ਪ੍ਰਧਾਨ ਹੈ ਤੇ ਇਸ ਕਮੇਟੀ ਵਿੱਚ ਇਸ ਯੂਨੀਅਨ ਦਾ ਮੀਤ ਪ੍ਰਧਾਨ ਡਾ. ਨੀਰਜ ਚਮੋਲੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਨਾਨ ਟੀਚਿੰਗ ਵਿਚੋਂ ਸ਼ਸ਼ੀਕਾਂਤ ਐਰੀ ਤੇ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਲਵਿਸ਼ ਸ਼ਹਿਰਾਵਤ ਵੀ ਸ਼ਾਮਲ ਹੈ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਜਾਂਚ ਕਮਰੇ ਵਿਚ ਬਾਹਰ ਕਰ ਦਿੱਤਾ ਗਿਆ। ਪੀੜਤ ਲੜਕੀਆਂ ਨੇ ਦੱਸਿਆ ਕਿ ਉਕਤ ਪ੍ਰੋਫੈਸਰ ਅਕਸਰ ਦੇਰ ਰਾਤ ਵਟਸ ਐਪ ’ਤੇ ਸੰਦੇਸ਼ ਭੇਜਦਾ ਸੀ। ਦੋ ਲੜਕੀਆਂ ਨੇ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਉਕਤ ਪ੍ਰੋਫੈਸਰ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਦੀ ਚੋਣ ਅਗਲੇ ਐੱਨਐੱਸਐੱਸ ਕੈਂਪ ਵਿਚ ਨਾ ਹੋਈ। ਇਕ ਲੜਕੀ ਨੇ ਇਹ ਵੀ ਕਿਹਾ ਕਿ ਉਸ ਨੇ ਜਦੋਂ ਰਾਤ ਦੇ ਸੰਦੇਸ਼ ’ਤੇ ਇਤਰਾਜ਼ ਕੀਤਾ ਤਾਂ ਅਗਲੇ ਦਿਨ ਉਕਤ ਪ੍ਰੋਫੈਸਰ ਨੇ ਉਸ ਨਾਲ ਦੁਰਵਿਹਾਰ ਕੀਤਾ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਪ੍ਰਿੰਸੀਪਲ
ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਿਰਮਯ ਖੱਤਰੀ ਨੇ ਕਿਹਾ ਕਿ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ ਕਿਉਂਕਿ ਇਹ ਜਾਂਚ ਜਾਰੀ ਹੈ ਤੇ ਉਨ੍ਹਾਂ ਨੇ ਉਸ ਅਸਿਸਟੈਂਟ ਪ੍ਰੋਫੈਸਰ ਨੂੰ ਵੀ ਜਾਂਚ ਕਮੇਟੀ ਅੱਗੇ ਸੱਦਿਆ ਹੈ। ਸਾਰੇ ਪੱਖਾਂ ਨੂੰ ਵਾਚਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਕਾਲਜ ਦੇ ਇਕ ਹੋਰ ਸੀਨੀਅਰ ਲੈਕਚਰਾਰ ਨੇ ਦੱਸਿਆ ਕਿ ਉਕਤ ਪ੍ਰੋਫੈਸਰ ਨੂੰ 23 ਸਤੰਬਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ।