ਖੇਤੀ ਮੰਡੀਕਰਨ ਨੀਤੀ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਰਚੇ ਨਾਲ ਜੁੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਭੇਜੇ ਖੇਤੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਫੂਕੀਆਂ ਜਾਣੀਆਂ ਹਨ ਜਿਸ ਦੀ ਤਿਆਰੀ ਲਈ ਕਿਸਾਨਾਂ ਦੀ ਇਕੱਤਰਤਾ ਹੋਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ 13 ਜਨਵਰੀ ਨੂੰ ਮੰਡੀਕਰਨ ਖਰੜੇ ਦੀਆਂ ਕਾਪੀਆਂ ਫੂਕ ਕੇ ਦੇਸ਼ ਪੱਧਰ ’ਤੇ ਰੋਸ ਪ੍ਰਗਟਾਵੇ ਵਿੱਚ ਸ਼ਾਮਲ ਹੋਇਆ ਜਾਵੇਗਾ। ਉਨ੍ਹਾਂ ਕਿਹਾ ਕਿ 23 ਕਿਸਾਨੀ ਫ਼ਸਲਾਂ ’ਤੇ ਐੱਮਐੱਸਪੀ ਹਾਸਲ ਕਰਨ, ਹਰ ਤਰ੍ਹਾਂ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਰੱਦ ਕਰਾਉਣ, ਨਵੀਂ ਖੇਤੀ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਿਆਉਣ ਦੀ ਲੜਾਈ ਨੂੰ ਲੀਹ ਤੋਂ ਲਾਹੁਣ ਲਈ ਕੇਂਦਰ ਸਰਕਾਰ ਕਾਰਪੋਰੇਟ ਪੱਖੀ ਕੌਮੀ ਖੇਤੀ ਮੰਡੀਕਰਨ ਨੀਤੀ ਖਰੜਾ ਲੈ ਕੇ ਆਈ ਹੈ ਜਿਸ ਨੂੰ ਪੰਜਾਬ ਭਰ ਵਿੱਚ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਖਰੜੇ ਦੇ ਲਾਗੂ ਹੋਣ ਨਾਲ ਸਰਕਾਰੀ ਖਰੀਦ ਦਾ ਭੋਗ ਪੈ ਜਾਵੇਗਾ, ਘੱਟੋ ਘੱਟ ਸਮਰਥਨ ਮੁੱਲ ਖ਼ਤਮ ਹੋਵੇਗਾ, ਨਿੱਜੀ ਖੇਤਰ ਦੇ ਵਪਾਰੀ ਕਿਸਾਨੀ ਫ਼ਸਲਾਂ ਸਿੱਧੀਆਂ ਸਾਇਲੋਜ ਨੂੰ ਢੋਹਣਗੇ। ਇਸ ਨਾਲ ਮਾਰਕੀਟ ਕਮੇਟੀ ਐਕਟ ਖ਼ਤਮ ਹੋ ਜਾਵੇਗਾ। ਕਿਸਾਨ ਤਾਂ ਉਜੜਣਗੇ ਹੀ ਗੱਲਾ ਮਜ਼ਦੂਰ, ਫੂਡ ਏਜੰਸੀਆਂ ਦੇ ਮਜ਼ਦੂਰ, ਮੁਨੀਮ, ਮਾਰਕੀਟ ਕਮੇਟੀ ਦੇ ਮੁਲਾਜ਼ਮ, ਅਨਾਜ ਨਾਲ ਜੁੜੇ ਛੋਟੇ ਧੰਦਿਆਂ ਵਾਲੇ ਸਾਰੇ ਲੋਕ ਬੁਰੀ ਤਰਾਂ ਉੱਜੜ ਜਾਣਗੇ। ਸਰਕਾਰੀ ਖਰੀਦ ਬੰਦ ਹੋਣ ਨਾਲ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਖਰੜਾ ਅਸਲ ਵਿੱਚ ਪੁਰਾਣੇ ਰੱਦ ਕਰਵਾਏ ਖੇਤੀ ਕਾਨੂੰਨਾਂ ਦਾ ਹੀ ਨਵਾਂ ਰੂਪ ਹੈ। ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ, ਚਮਕੌਰ ਸਿੰਘ ਬਰਮੀ, ਸਾਧੂ ਸਿੰਘ ਅੱਚਰਵਾਲ, ਜੋਗਿੰਦਰ ਸਿੰਘ ਗਿੱਲ, ਹਰਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਆਗੂ ਡੱਲੇਵਾਲ ਦੀ ਜਾਨ ਬਚਾਉਣ ਲਈ ਮੋਗਾ ਮਹਾਪੰਚਾਇਤ ਦੇ ਫ਼ੈਸਲੇ ਮੁਤਾਬਕ ਸੰਘਰਸ਼ਸ਼ੀਲ ਕਿਸਾਨ ਧਿਰਾਂ ਦੀ ਏਕਤਾ ਲਈ ਯਤਨ ਜਾਰੀ ਹਨ। ਰਾਮਸ਼ਰਨ ਸਿੰਘ ਨੇ ਦੱਸਿਆ ਕਿ 13 ਜਨਵਰੀ ਨੂੰ ਜਗਰਾਉਂ ਦੇ ਬੱਸ ਅੱਡੇ ’ਤੇ ਇਕੱਤਰ ਹੋ ਕੇ ਮੁੱਖ ਚੌਕ ਵਿੱਚ ਪੁਲ ਦੇ ਹੇਠਾਂ ਖਰੜੇ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ। ਇਸੇ ਤਰ੍ਹਾਂ 26 ਜਨਵਰੀ ਦੇ ਮੋਦੀ ਸਰਕਾਰ ਖ਼ਿਲਾਫ਼ ਟਰੈਕਟਰ ਮਾਰਚਾਂ ਦੀ ਸਾਰੇ ਤਹਿਸੀਲ ਕੇਂਦਰਾਂ ਦੀ ਵਿਉਂਤਬੰਦੀ ਕੀਤੀ ਜਾਵੇਗੀ।