ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਬਾਰੇ ਦੱਸਿਆ
ਪੱਤਰ ਪ੍ਰੇਰਕ
ਤਰਨ ਤਾਰਨ, 14 ਅਕਤੂਬਰ
ਪੱਟੀ ਇਲਾਕੇ ਦੇ ਪਿੰਡ ਬੂਹ ਹਵੇਲੀਆਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਜ ਬਲਾਕ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਹਿੱਸਾ ਲਿਆ| ਮੁੱਖ ਖੇਤੀਬਾੜੀ ਅਧਿਕਾਰੀ ਡਾ. ਹਰਪਾਲ ਸਿੰਘ ਪੰਨੂੰ ਦੀ ਅਗਵਾਈ ਵਿੱਚ ਲਗਾਏ ਇਸ ਕੈਂਪ ਵਿੱਚ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ, ਇਸ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ| ਇਸ ਮੌਕੇ ਐੱਨਜੀਟੀ ਦੇ ਅਬਜ਼ਰਵਰ ਅਨੁਰਾਗ ਤ੍ਰਿਪਾਠੀ ਤੇ ਵਿਭਾਗ ਦੇ ਅਧਿਕਾਰੀ ਡਾ. ਭੁਪਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤੀ ਆਫਤਾਂ ਭੂਚਾਲ ਤੇ ਜਲਵਾਯੂ ਤਬਦੀਲੀ ਨਾਲ ਹੁੰਦੇ ਨੁਕਸਾਨਾਂ ਨੂੰ ਘਟਾਉਣ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਹੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ| ਕੈਂਪ ਵਿੱਚ ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਲੋਕ ਕਲਾ ਮੰਚ ਦੀ ਟੀਮ ਨੇ ਕਿਸਾਨਾਂ ਨੂੰ ਮਿੱਟੀ, ਪਾਣੀ ਅਤੇ ਹਵਾ ਦੀ ਹਿਫਾਜ਼ਤ ਲਈ ਨੁੱਕੜ ਨਾਟਕ ਰਾਹੀਂ ਵੀ ਪ੍ਰੇਰਿਤ ਕੀਤਾ| ਕਿਸਾਨਾਂ ਨਾਲ ਸੂਝਵਾਨ ਕਿਸਾਨ ਗੁਰਬਚਨ ਸਿੰਘ ਨੇ ਸਰਫੇਸ ਸੀਡਿੰਗ ਤਕਨੀਕ ਬਾਰੇ ਵਿਚਾਰ ਵਟਾਂਦਰਾ ਕੀਤਾ।