ਖੇਤੀ ਸਮੱਸਿਆਵਾਂ ਦੇ ਹੱਲ ਲਈ ਮਾਹਿਰ ਤਿਆਰ ਰਹਿਣ: ਗੋਸਲ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਵਿੱਚ ਖੋਜ ਅਤੇ ਪਸਾਰ ਮਾਹਿਰਾਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਮੀਟਿੰਗ ਵਿਚ ਪੀ.ਏ.ਯੂ. ਦੇ ਉੱਚ ਅਧਿਕਾਰੀਆਂ, ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀਆਂ ਨੇ ਭਾਗ ਲਿਆ।
ਡਾ. ਗੋਸਲ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਪੰਜਾਬ ਦੀ ਖੇਤੀ ਦਾ ਹੀ ਨਹੀਂ, ਬਲਕਿ ਸਮੁੱਚੇ ਸਮਾਜ ਦਾ ਮਸਲਾ ਹੈ। ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹੇਠ ਰਕਬਾ ਵਧਾਉਣਾ ਝੋਨਾ ਕਾਸ਼ਤਕਾਰਾਂ ਲਈ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮਸਲਿਆਂ ਦੇ ਹੱਲ ਲਈ ਪਸਾਰ ਮਾਹਿਰਾਂ ਨੂੰ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਝੋਨੇ ਦੀ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਆਰ-131, ਪੀਆਰ-129, ਪੀਆਰ-128, ਪੀਆਰ-121 ਆਦਿ ਦੀ ਲੁਆਈ 20 ਜੂਨ ਤੋਂ ਕਰਨੀ ਚਾਹੀਦੀ ਹੈ ਜਦਕਿ ਪੀਆਰ 126, ਪੀਆਰ-127, ਪੀਆਰ-130 ਦੀ ਲੁਆਈ ਦਾ ਢੁੱਕਵਾਂ ਸਮਾਂ 25 ਜੂਨ ਤੋਂ ਬਾਅਦ ਹੈ। ਉਨ੍ਹਾਂ ਕਿਹਾ ਕਿ ਪੀਆਰ 126 ਨੂੰ 20 ਜੁਲਾਈ ਤੱਕ ਲਾਉਣ ਨਾਲ ਚੰਗਾ ਝਾੜ ਮਿਲ ਸਕਦਾ ਹੈ। ਇਸ ਦੌਰਾਨ ਝੋਨੇ ਦੀਆਂ ਘੱਟ ਮਿਆਦ ਵਿਚ ਪੱਕਣ ਵਾਲੀਆਂ ਕਿਸਮਾਂ, ਝੋਨੇ ਦੀ ਸਿੱਧੀ ਬਿਜਾਈ, ਬਹਾਰ ਅਤੇ ਸਾਉਣੀ ਦੀ ਮੱਕੀ ਹੇਠ ਰਕਬਾ, ਗਰਮ ਰੁੱਤ ਦੀ ਮੂੰਗੀ, ਨਰਮੇ ਦੇ ਕੀੜਿਆਂ ਦੀ ਰੋਕਥਾਮ ਅਤੇ ਫਾਲ ਆਰਮੀਵਰਮ ਆਦਿ ਮਸਲਿਆਂ ਬਾਰੇ ਗੱਲਬਾਤ ਹੋਈ। ਅਖੀਰ ਵਿੱਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀਪੀਐੱਸ ਸੋਢੀ ਨੇ ਸਾਰਿਆਂ ਦਾ ਧੰਨਵਾਦ ਕੀਤਾ।