ਕੇਜਰੀਵਾਲ ਨੂੰ ਸੁਫਨੇ ਵੇਚਣ ’ਚ ਮੁਹਾਰਤ ਹਾਸਲ: ਸਚਦੇਵਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੁਫਨੇ ਵੇਚਣ ਦੀ ਕਲਾ ਵਿੱਚ ਮਾਹਿਰ ਹਨ ਅਤੇ ਝੀਲਾਂ ਦਾ ਸ਼ਹਿਰ ਉਨ੍ਹਾਂ ਵੱਲੋਂ ਦਿੱਲੀ ਵਾਸੀਆਂ ਨੂੰ ਵਿਖਾਇਆ ਗਿਆ ਇੱਕ ਹੋਰ ਸੁਫਨਾ ਹੈ, ਜੋ ਕਦੇ ਪੂਰਾ ਨਹੀਂ ਹੋਵੇਗਾ। ਸ੍ਰੀ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਨੇ 2018 ਵਿੱਚ ਦਿੱਲੀ ਨੂੰ ਸਿੰਗਾਪੁਰ ਬਣਾਉਣ ਦਾ ਸੁਫਨਾ ਦਿਖਾਇਆ ਸੀ, ਪਰ 5 ਸਾਲ ਬੀਤਣ ਮਗਰੋਂ ਵੀ ਦਿੱਲੀ ਨੂੰ ਕੇਜਰੀਵਾਲ ਸਰਕਾਰ ਵੱਲੋਂ ਕੋਈ ਵਿਕਾਸ ਜਾਂ ਸੁੰਦਰੀਕਰਨ ਪ੍ਰਾਜੈਕਟ ਹਾਲੇ ਤੱਕ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਦਿੱਲੀ ਵਿੱਚ ਦੇਖੇ ਗਏ ਸਾਰੇ ਵੱਡੇ ਬੁਨਿਆਦੀ ਢਾਂਚੇ ਜਾਂ ਸੁੰਦਰੀਕਰਨ ਪ੍ਰਾਜੈਕਟਾਂ ਲਈ ਫੰਡ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਹਨ। ਸ੍ਰੀ ਸਚਦੇਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪਿਛਲੇ ਦੋ ਸਾਲਾਂ ਤੋਂ ਦਿੱਲੀ ਨੂੰ ਝੀਲਾਂ ਦਾ ਸ਼ਹਿਰ ਬਣਾਉਣ ਦਾ ਸੁਫਨਾ ਦਿਖਾ ਰਹੇ ਹਨ, ਪਰ ਜ਼ਮੀਨੀ ਪੱਧਰ ’ਤੇ ਇਸ ਸਬੰਧ ਵਿੱਚ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਇਹ ਦਾਅਵਾ ਕਿ ਸਿਟੀ ਆਫ ਲੇਕਸ ਬਾਰੇ ਮੇਰੇ ਵਿਚਾਰ ਨੂੰ ਬਲੂਮਬਰਗ ਵਿੱਚ ਥਾਂ ਮਿਲੀ ਹੈ, ਹਾਸੋਹੀਣਾ ਹੈ। ਇਸੇ ਤਰ੍ਹਾਂ ਸ੍ਰੀ ਕੇਜਰੀਵਾਲ ਨੇ ਆਪਣੇ ਮੁਹੱਲਾ ਕਲੀਨਿਕ ਸੰਕਲਪ ਲਈ ਕੌਮਾਂਤਰੀ ਮਾਨਤਾ ਦਾ ਦਾਅਵਾ ਕੀਤਾ ਹੈ, ਜਿਸ ਨੇ ਨਾ ਸਿਰਫ ਕੋਵਿੱਡ ਪੜਾਅ ਦੌਰਾਨ ਦਿੱਲੀ ਵਾਸੀਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ, ਬਲਕਿ ਇੱਕ ਫਲਾਪ ਸ਼ੋਅ ਵੀ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ’ਚੋਂ ਡਾਕਟਰ ਅਤੇ ਦਵਾਈਆਂ ਦੋਵੇਂ ਗਾਇਬ ਹਨ ਤੇ ਮੈਡੀਕਲ ਟੈਸਟਾਂ ਦੀ ਵੀ ਕੋਈ ਸਹੂਲਤ ਨਹੀਂ ਹੈ।