For the best experience, open
https://m.punjabitribuneonline.com
on your mobile browser.
Advertisement

ਓਲੰਪਿਕਸ ਦਾ ਤਜਰਬਾ

06:33 AM Aug 10, 2024 IST
ਓਲੰਪਿਕਸ ਦਾ ਤਜਰਬਾ
Advertisement

ਪੈਰਿਸ ਵਿੱਚ ਭਾਰਤ ਲਈ ਓਲੰਪਿਕਸ ਦਾ ਸਫ਼ਰ ਦਾ ਕਾਫ਼ੀ ਉਤਰਾਅ ਚੜ੍ਹਾਅ ਭਰਿਆ ਰਿਹਾ ਹੈ। ਤਗ਼ਮਿਆਂ ਦਾ ਤੋਟਾ ਕੁਝ ਜਿ਼ਆਦਾ ਹੀ ਰੜਕ ਰਿਹਾ ਹੈ ਜਿਵੇਂ ਉੱਤਰ ਦੇ ਮੈਦਾਨੀ ਇਲਾਕੇ ਐਤਕੀਂ ਮੌਨਸੂਨ ਦੇ ਮੀਂਹ ਨੂੰ ਤਰਸ ਰਹੇ ਹਨ। ਅੱਠ ਦਿਨਾਂ ਤੋਂ ਕੋਈ ਤਗ਼ਮਾ ਭਾਰਤ ਦੀ ਝੋਲੀ ਵਿੱਚ ਨਹੀਂ ਆ ਰਿਹਾ ਸੀ, ਫਿਰ ਪੁਰਸ਼ ਹਾਕੀ ਵਰਗ ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤ ਲਿਆ। ਪੰਜ ਦਹਾਕਿਆਂ ਬਾਅਦ ਉਹ ਦੌਰ ਆਇਆ ਹੈ ਜਦੋਂ ਭਾਰਤੀ ਟੀਮ ਨੇ ਲਗਾਤਾਰ ਦੋ ਓਲੰਪਿਕਸ ਵਿੱਚ ਤਗ਼ਮਾ ਜਿੱਤ ਕੇ ਮਾਅਰਕਾ ਮਾਰਿਆ ਹੈ। ਇਸ ਤੋਂ ਕਰੀਬ ਪੰਜ ਦਹਾਕੇ ਪਹਿਲਾਂ ਭਾਰਤੀ ਹਾਕੀ ਟੀਮ ਨੇ ਇਹ ਪ੍ਰਾਪਤੀ ਉਦੋਂ ਕੀਤੀ ਸੀ ਜਦੋਂ ਅੱਜ ਦੀ ਪੀੜ੍ਹੀ ਵਿੱਚੋਂ ਬਹੁਤੇ ਲੋਕਾਂ ਨੇ ਜਨਮ ਵੀ ਨਹੀਂ ਲਿਆ ਸੀ। ਪੀਆਰ ਸ੍ਰੀਜੇਸ਼ ਜੋ ਓਲੰਪਿਕਸ ਦੇ ਸਮਾਪਤੀ ਸਮਾਗਮ ਵਿੱਚ ਨਿਸ਼ਾਨੇਬਾਜ਼ੀ ’ਚ ਕਾਂਸੀ ਦੇ ਦੋ ਤਗ਼ਮੇ ਜਿੱਤਣ ਵਾਲੀ ਮਨੂ ਭਾਕਰ ਨਾਲ ਸਾਂਝੇ ਤੌਰ ’ਤੇ ਭਾਰਤ ਦਾ ਝੰਡਾ ਲੈ ਕੇ ਚੱਲੇਗਾ, ਨੇ ਗੋਲਪੋਸਟ ਦੀ ਰਾਖੀ ਦੇ ਬਿਹਤਰੀਨ ਕਾਰਜ ਕੀਤਾ ਹੈ ਅਤੇ ਸਮੁੱਚੀ ਟੀਮ ਨੇ ਵੀ ਇਹ ਸਾਬਿਤ ਕੀਤਾ ਹੈ ਕਿ ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਇਸ ਦਾ ਐਵੇਂ ਤੁੱਕਾ ਨਹੀਂ ਲੱਗਿਆ ਸੀ ਸਗੋਂ ਇਸ ਨੇ ਜਿੱਤ ਕਮਾਈ ਸੀ। ਸ੍ਰੀਜੇਸ਼ ਨੇ ਭਾਵੇਂ ਹਾਕੀ ਕਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਰ ਕਾਂਸੀ ਦਾ ਤਗ਼ਮਾ ਜੇਤੂ ਬਾਕੀ ਖਿਡਾਰੀ ਅਜੇ ਮੈਦਾਨ ’ਚ ਹੀ ਹਨ। ਆਸ ਹੈ ਕਿ ਭਵਿੱਖ ’ਚ ਵੀ ਉਹ ਨਵੇਂ ਕੀਰਤੀਮਾਨ ਸਥਾਪਿਤ ਕਰਦੇ ਰਹਿਣਗੇ।
ਟੋਕੀਓ ਵਿੱਚ ‘ਮਾਊਂਟ ਐਵਰੈਸਟ’ ਸਰ ਕਰਨ ਵਾਲਾ ਜੈਵਲਿਨ ਦਾ ਮਹਾਰਥੀ ਨੀਰਜ ਚੋਪੜਾ ਚਾਹੁੰਦਾ ਤਾਂ ਆਸਾਨੀ ਨਾਲ ਆਪਣੀਆਂ ਪ੍ਰਾਪਤੀਆਂ ’ਤੇ ਆਰਾਮ ਫਰਮਾ ਸਕਦਾ ਸੀ ਤੇ ਇਸ ਪ੍ਰਾਪਤੀ ਲਈ ਮਿਲੇ ਪੈਸੇ ਅਤੇ ਪ੍ਰਸ਼ੰਸਾ ਦਾ ਭਰਪੂਰ ਆਨੰਦ ਲੈ ਸਕਦਾ ਸੀ ਪਰ ਉਹ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਹੋਇਆ ਹੈ। ਸਫ਼ਲਤਾ ਨੂੰ ਸਿਰ ’ਤੇ ਨਾ ਚੜ੍ਹਨ ਦਿੰਦਿਆਂ ਚੈਂਪੀਅਨ ਅਥਲੀਟ ਨੇ ਪਿਛਲੇ ਕੁਝ ਸਮੇਂ ਤੋਂ ਸੱਟ ਨਾਲ ਜੂਝਣ ਦੇ ਬਾਵਜੂਦ ਇਸ ਵਾਰ ਦੂਜੀ ਥਾਂ ਮੱਲ੍ਹਣ ਵਿਚ ਕਾਮਯਾਬੀ ਹਾਸਿਲ ਕੀਤੀ। ਜੇ ਉਸ ਦਾ ਅਰਸ਼ਦ ਨਦੀਮ ਨਾਂ ਦੇ ਪਾਕਿਸਤਾਨੀ ‘ਤੂਫ਼ਾਨ’ ਨਾਲ ਪੇਚਾ ਨਾ ਪਿਆ ਹੁੰਦਾ ਤਾਂ ਉਹ ਸ਼ਾਇਦ ਇਸ ਵਾਰ ਫਿਰ ਸੋਨਾ ਹੀ ਜਿੱਤ ਗਿਆ ਹੁੰਦਾ। ਵੱਡੀ ਗੱਲ ਇਹ ਹੈ ਕਿ ਇਹ ਚਮਤਕਾਰੀ ਅਥਲੀਟ ਕ੍ਰਿਕਟ ਦੇ ਦੀਵਾਨੇ ਉਸ ਦੇਸ਼ ਵਿਚ ਪ੍ਰਸਿੱਧੀ ਦੀਆਂ ਸਿਖ਼ਰਾਂ ਛੂਹ ਗਿਆ ਹੈ ਜਿੱਥੇ ਤੇਂਦੁਲਕਰਾਂ, ਧੋਨੀਆਂ ਤੇ ਕੋਹਲੀਆਂ ਵਰਗਿਆਂ ਦੀ ਪੂਜਾ ਹੁੰਦੀ ਹੈ।
ਇੱਕ ਗੱਲ ਤਾਂ ਮੰਨਣੀ ਪਏਗੀ ਕਿ ਖੇਡਾਂ ’ਚ ਏਸ਼ੀਆ ਮਹਾਦੀਪ ਦੀ ਅਗਵਾਈ ਕਰਨ ਵਾਲੀ ਤਿੱਕੜੀ- ਚੀਨ, ਜਾਪਾਨ ਤੇ ਦੱਖਣੀ ਕੋਰੀਆ ਤੋਂ ਭਾਰਤ ਬਹੁਤ ਪਿੱਛੇ ਹੈ। ਇਹ ਦੇਸ਼ ਖੇਡਾਂ ਵਿੱਚ ਪੱਛਮੀ ਮੁਲਕਾਂ ਨੂੰ ਭਾਜੜ ਪਾਉਣ ਦੀ ਪੂਰੀ ਸਮਰੱਥਾ ਰੱਖਦੇ ਹਨ। ਪੂਰਾ ਦੇਸ਼ ਉਸ ਵੇਲੇ ਨਿਰਾਸ਼ ਹੋ ਗਿਆ ਜਦੋਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ, ਨਾ ਕੇਵਲ ਉਨ੍ਹਾਂ ਮੰਦਭਾਗੀਆਂ ਹਾਲਤਾਂ ਕਰ ਕੇ ਬਲਕਿ ਇਸ ਤੱਥ ਕਰ ਕੇ ਵੀ ਕਿ ਸਾਡੇ ਕੋਲ ਅਜਿਹੇ ਬਹੁਤ ਥੋੜ੍ਹੇ ਖਿਡਾਰੀ ਹੀ ਹਨ ਜੋ ਓਲੰਪਿਕ ਖੇਡਾਂ ’ਚ ਸੋਨ ਤਗਮੇ ਜਿੱਤਣ ਦੀ ਸਮਰੱਥਾ ਰੱਖਦੇ ਹਨ। ਸਿੱਧੀ ਜਿਹੀ ਗੱਲ ਹੈ- ਇੰਨੀ ਵੱਡੀ ਜਨਸੰਖਿਆ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਣਾ ਚਾਹੀਦਾ ਹੈ। ਖੇਡਾਂ ’ਚ ਮਹਾਸ਼ਕਤੀ ਬਣਨ ਲਈ ਸਾਨੂੰ ਦਰਜਨਾਂ ਨੀਰਜਾਂ ਦੀ ਲੋੜ ਹੈ।

Advertisement

Advertisement
Advertisement
Author Image

joginder kumar

View all posts

Advertisement