ਮਹਿੰਗੀ ਸਬਜ਼ੀ ਨੇ ਰਸੋਈ ਦਾ ਬਜਟ ਹਿਲਾਇਆ
ਪੱਤਰ ਪ੍ਰੇਰਕ
ਲਹਿਰਾਗਾਗਾ, 21 ਜੁਲਾਈ
ਬਾਰਿਸ਼ ਦੇ ਮੌਸਮ ’ਚ ਸਬਜ਼ੀਆਂ ਦੇ ਰੇਟਾਂ ਵਿੱਚ ਆਈ ਤੇਜ਼ੀ ਨੇ ਆਮ ਲੋਕਾਂ ਦੇ ਘਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਇੱਥੇ ਪੰਜਾਬ ਦੀਆਂ ਦੂਜੀਆਂ ਮੰਡੀਆਂ ਨਾਲੋਂ ਸਬਜ਼ੀਆਂ ਦੇ ਰੇਟ ਕਈ ਗੁਣਾਂ ਵੱਧ ਹਨ, ਜਿਸ ਕਰ ਕੇ ਲੋਕਾਂ ਵਿਚ ਹਾਹਾਕਾਰ ਹੈ। ਇਸ ਵੇਲੇ ਇੱਥੇ ਰੀਟੇਲ ਵਿੱਚ ਪਿਛਲੇ ਮਹੀਨੇ ਦਸ ਰੁਪਏ ਕਿਲੋ ਵਿੱਕਣ ਵਾਲਾ ਕੱਦੂ 50 ਰੁਪਏ, ਤੋਰੀ ਤੇ ਬੈਂਗਣ 60-80 ਰੁਪਏ, ਗੋਭੀ 80-100 ਰੁਪਏ, ਸ਼ਿਮਲਾ ਮਿਰਚ 125 ਰੁਪਏ, ਹਰੇ ਮਟਰ 250 ਰੁਪਏ, ਗਬਾਰਾ ਫਲੀ 80-90 ਰੁਪਏ, ਟਮਾਟਰ 100 ਰੁਪਏ, ਗੁਬਾਰੇ ਦੀ ਫਲੀ 80-100, ਆਲੂ 35-45 ਰੁਪਏ, ਪਿਆਜ਼ 45-50, ਖੀਰਾ 70 ਰੁਪਏ, ਚੌਲੇ ਫਲੀ 80 ਰੁਪਏ, ਅਰਬੀ 80-100 ਪ੍ਰਤੀ ਕਿਲੋ, ਨੀਂਬੂ 100 ਰੁਪਏ, ਅਦਰਕ 250 ਰੁਪਏ, ਲਸਨ 250 ਰੁਪਏ ਆਦਿ ਵਿੱਕ ਰਿਹਾ ਹੈ। ਸਬਜ਼ੀ ਵਿਕਰੇਤਾ ਇੰਦੁ ਅਰੋੜਾ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਬਾਰਿਸ਼ ਕਾਰਨ ਸਬਜ਼ੀ ਦੀ ਕਾਸ਼ਤ ਘੱਟ ਹੋਣ ਕਰਕੇ ਬਹੁਤੀ ਸਬਜ਼ੀ ਬਾਹਰੋਂ ਆਉਂਦੀ ਹੈ ਅਤੇ ਸੁਨਾਮ-ਪਾਤੜਾਂ ਤੋਂ ਆਉਣ ਵਾਲੀ ਸਬਜ਼ੀ ’ਤੇ ਦੋਹਰੀ ਮਾਰਕੀਟ ਫੀਸ ਲੱਗਣ ਕਰ ਕੇ ਸਿੱਧੇ ਦਸ ਫ਼ੀਸਦੀ ਰੋਟ ਵੱਧ ਜਾਂਦੇ ਹਨ, ਜਿਸਦਾ ਖਮਿਆਜ਼ਾ ਖਪਤਕਾਰਾਂ ਨੂੰ ਭੁਗਤਣਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਧੇ ਭਾਅ ਕਾਰਨ ਲੋਕ ਕਿਲੋ ਦੀ ਥਾਂ ਅੱਧਾ ਕਿਲੋ ਸਬਜ਼ੀ ਵੀ ਲੈਣ ’ਚ ਸੰਕੋਚ ਕਰ ਰਹੇ ਹਨ। ਇਸ ਕਰਕੇ ਵੱਧ ਲਾਗਤ ਲਾਉਣ ਦੇ ਬਾਵਜੂਦ ਘੱਟ ਵਿਕਰੀ ਕਾਰਨ ਉਨ੍ਹਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਬਜ਼ੀ ’ਤੇ ਸਿਰਫ਼ ਇੱਕ ਥਾਂ ’ਤੇ ਮਾਰਕੀਟ ਫੀਸ ਲੈਣੀ ਚਾਹੀਦੀ ਹੈ।