ਮਹਿੰਗਾਈ: ਟਮਾਟਰਾਂ ਨਾਲ ਗੱਡੀ ਸਜਾਈ ਤੇ ਮਾਲਾ ਵੀ ਪਾਈ
ਆਤਿਸ਼ ਗੁਪਤਾ
ਚੰਡੀਗਡ਼੍ਹ, 2 ਜੁਲਾਈ
ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਵਿਰੁੱਧ ਅੱਜ ਇੱਥੇ ਚੰਡੀਗਡ਼੍ਹ ਯੂਥ ਕਾਂਗਰਸ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟਮਾਟਰਾਂ ਦੀਆਂ ਮਾਲਾਵਾਂ ਪਾ ਕੇ ਅਤੇ ਗੱਡੀ ਨੂੰ ਟਮਾਟਰਾਂ ਨਾਲ ਸਜਾ ਕੇ ਵੱਖਰੀ ਤਰ੍ਹਾਂ ਰੋਸ ਪ੍ਰਗਟਾਇਆ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਵੇਂ ਟਮਾਟਰ ਤੇ ਹੋਰਨਾਂ ਸਬਜ਼ੀਆਂ ਦੀਆਂ ਕੀਮਤਾਂ ਵਧ ਰਹੀਆਂ ਹਨ ਤਾਂ ਆਉਣ ਵਾਲੇ ਸਮੇਂ ’ਚ ਟਮਾਟਰ ਖਾਣ ਦੀ ਥਾਂ ਸਜਾਉਣ ਦੇ ਹੀ ਕੰਮ ਆਵੇਗਾ। ਯੂਥ ਕਾਂਗਰਸ ਨੇ ਵਧ ਰਹੀ ਮਹਿੰਗਾਈ ਸਬੰਧੀ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਦੇਸ਼ ਵਿੱਚ ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਕੀਤੀ। ਚੰਡੀਗਡ਼੍ਹ ਦੇ ਸੀਨੀਅਰ ਕਾਂਗਰਸੀ ਆਗੂ ਹਰਮੇਲ ਕੇਸਰੀ ਨੇ ਕਿਹਾ ਕਿ ਕੇਂਦਰ ਵਿੱਚ ਕਾਬਜ਼ ਭਾਜਪਾ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ’ਚ ਨਾਕਾਮ ਸਾਬਿਤ ਹੋ ਰਹੀ ਹੈ। ਅੱਜ ਸਬਜ਼ੀਆਂ, ਦਾਲਾਂ, ਖਾਣ ਵਾਲੇ ਤੇਲ ਅਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਅਸਮਾਨ ’ਤੇ ਪਹੁੰਚ ਗਈਆਂ ਹਨ, ਜਿਸ ਕਰ ਕੇ ਆਮ ਵਿਅਕਤੀ ਨੂੰ ਘਰ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਮੇਲ ਕੇਸਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਦੇਸ਼ ਦੇ ਲੋਕਾਂ ਨਾਲ ਝੂਠ ਬੋਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਯੂਨੀਵਰਸਿਟੀ, ਆਈਆਈਟੀ ਤੇ ਕਾਲਜ ਖੋਲ੍ਹਣ ਦੇ ਦਾਅਵੇ ਕਰ ਰਹੇ ਹਨ ਪਰ ਹਾਲੇ ਤੱਕ ਇਹ ਜ਼ਮੀਨੀ ਪੱਧਰ ’ਤੇ ਕਿਤੇ ਦਿਖਾਈ ਨਹੀਂ ਦਿੱਤੇ ਹਨ।
ਚੰਡੀਗਡ਼੍ਹ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸੰਦੀਪ ਕੁਮਾਰ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਕਰ ਕੇ ਆਮ ਵਿਅਕਤੀ ਨੂੰ ਸਕੂਟਰ ਤੇ ਕਾਰ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਯੂਥ ਕਾਂਗਰਸ ਦੇ ਜਨਰਲ ਸਕੱਤਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਮੁੱਚੇ ਕੇਂਦਰੀ ਮੰਤਰੀ ਦੇਸ਼ ਵਿੱਚ ਆਪਣੇ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਗਿਣਵਾਉਣ ਵਿੱਚ ਲੱਗੇ ਹੋਏ ਹਨ ਪਰ ਇਨ੍ਹਾਂ ਨੌਂ ਸਾਲਾਂ ਦੌਰਾਨ ਦੇਸ਼ ਦਾ ਵਿਕਾਸ ਨਹੀਂ ਵਿਨਾਸ਼ ਹੋਇਆ ਹੈ। ਸਾਡੇ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਆਪਣੀਆਂ ਪ੍ਰਾਪਤੀਆਂ ਗਿਣਵਾਉਣ ’ਚ ਲੱਗੀ ਹੋਈ ਹੈ। ਯੂਥ ਕਾਂਗਰਸੀਆਂ ਨੇ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਉਹ ਅਾਗਾਮੀ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਸਫਾਇਆ ਕਰ ਕੇ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ਕਾਂਗਰਸੀ ਤੇ ਯੂਥ ਕਾਂਗਰਸ ਦੇ ਵਰਕਰ ਮੌਜੂਦ ਸਨ।