ਸਰਵੇਲੈਂਸ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਲਾਗੂ ਕਰਨ ਲਈ ਕੰਮ ਤੇਜ਼
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਜੂਨ
ਮੁਹਾਲੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਟਰੈਫ਼ਿਕ ਨੂੰ ਸੁਚਾਰੂ ਬਣਾਉਣ ਅਤੇ ਉਲੰਘਣਾਵਾਂ ਨੂੰ ਰੋਕਣ ਲਈ ਸਿਟੀ ਸਰਵੇਲੈਂਸ ਅਤੇ ਟਰੈਫ਼ਿਕ ਪ੍ਰਬੰਧਨ ਪ੍ਰਣਾਲੀ ਦੀ ਸਥਾਪਨਾ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਅੱਜ ਇੱਥੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸ਼ਹਿਰ ਦੇ 20 ਜੰਕਸ਼ਨਾਂ ਨੂੰ ਵੱਖ-ਵੱਖ ਰੈਜ਼ੋਲਿਊਸ਼ਨ ਵਾਲੇ ਕੁੱਲ 400 ਕੈਮਰਿਆਂ ਨਾਲ ਕਵਰ ਕੀਤਾ ਜਾਵੇਗਾ ਅਤੇ ਬਾਕੀ ਸ਼ਹਿਰ ਨੂੰ ਦੂਜੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ। ਵਿਧਾਇਕ ਨੇ ਕਿਹਾ ਕਿ ਇਹ ਪ੍ਰਾਜੈਕਟ 17.70 ਕਰੋੜ ਦੀ ਲਾਗਤ ਨਾਲ ਚਾਰ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੇ ਪ੍ਰਾਜੈਕਟ ਵਿੱਚ ਦੇਰੀ ਦਾ ਕਾਰਨ ਬਣ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਮੁਹਾਲੀ ਨਗਰ ਨਿਗਮ ਅਤੇ ਗਮਾਡਾ ਦਾ ਵੀ ਧੰਨਵਾਦ ਕੀਤਾ। ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਏਕੀਕ੍ਰਿਤ ਨਿਗਰਾਨੀ ਪ੍ਰਣਾਲੀ ਸਾਰੇ ਨਾਗਰਿਕਾਂ ਲਈ ਵਧੇਰੇ ਸੁਰੱਖਿਅਤ ਮਾਹੌਲ ਬਣਾਉਣ ਵਿੱਚ ਯੋਗਦਾਨ ਪਾਵੇਗੀ। ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਚੀਫ਼ ਇੰਜਨੀਅਰ ਰਣਜੋਧ ਸਿੰਘ ਨੇ ਦੱਸਿਆ ਕਿ ਐੱਸਐੱਸ ਚੌਹਾਨ ਦੀ ਅਗਵਾਈ ਹੇਠ ਇਸ ਪ੍ਰਾਜੈਕਟ ਵਿੱਚ 216 ਏਐਨਪੀਆਰ ਕੈਮਰੇ, 63 ਆਰਐਲਵੀਡੀ ਕੈਮਰੇ, 104 ਬੁਲੇਟ ਕੈਮਰੇ ਅਤੇ ਮੁਹਾਲੀ ਦੇ 18 ਵੱਖ-ਵੱਖ ਜੰਕਸ਼ਨਾਂ ’ਤੇ 22 ਪੀਟੀਜ਼ੈੱਡ ਕੈਮਰਿਆਂ ਨਾਲ ਲੈੱਸ ਹੋਵੇਗਾ। ਏਅਰਪੋਰਟ ਸੜਕ ’ਤੇ ਦੋ ਸਥਾਨਾਂ ’ਤੇ ਸਪੀਡ ਵਾਇਲੇਸ਼ਨ ਡਿਟੈਕਸ਼ਨ ਸਿਸਟਮ ਲਾਇਆ ਜਾਵੇਗਾ। ਈ-ਚਲਾਨ ਪਲੇਟਫਾਰਮ ਐੱਨਆਈਸੀ ਆਧਾਰਤ ਡੇਟਾਬੇਸ ਜਿਵੇਂ ਕਿ ਵਾਹਨ ਅਤੇ ਸਾਰਥੀ ਨਾਲ ਏਕੀਕ੍ਰਿਤ ਹੋਵੇਗਾ। ਪ੍ਰਾਜੈਕਟ ਨੂੰ 30 ਸਤੰਬਰ ਤੱਕ ਪੂਰਾ ਕੀਤਾ ਜਾਵੇਗਾ।