ਮਾਲਵੇ ’ਚ ਕਣਕ ਦੀ ਬਿਜਾਈ ਪੱਛੜਨ ਦੇ ਆਸਾਰ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਨਵੰਬਰ
ਮਾਲਵਾ ਖੇਤਰ ਵਿੱਚ ਐਤਕੀ ਡੀਏਪੀ ਖਾਦ, ਨਹਿਰੀ ਪਾਣੀ ਅਤੇ ਬੀਜਾਂ ਦੀ ਵੱਡੀ ਸਮੱਸਿਆ ਖੜ੍ਹੀ ਹੋਣ ਕਾਰਨ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਪਛੜਨ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਬਿਜਾਈ ਲਈ ਨਹਿਰੀ ਪਾਣੀ ਤੋਂ ਇਲਾਵਾ ਡੀਏਪੀ ਅਤੇ ਬੀਜ ਦੀ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ, ਜਿਸ ਉੱਤੇ ਇਸ ਵਾਰ ‘ਝਾੜੂ’ ਫਿਰ ਗਿਆ ਹੈ। ਉਧਰ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦਾ ਕਾਰਜ ਫਟਾ-ਫ਼ਟ ਨਿਬੇੜਨ ਦਾ ਸੱਦਾ ਦਿੱਤਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਅੱਧ ਨਵੰਬਰ ਤੋਂ ਪਿੱਛੋਂ ਬੀਜੀ ਕਣਕ ਦਾ ਝਾੜ ਹੀ ਨਹੀਂ ਘੱਟਦਾ, ਸਗੋਂ ਉਸ ਦੀ ਗੁਣੱਵਤਾ ਵਿੱਚ ਵੀ ਅੰਤਰ ਆ ਜਾਂਦਾ ਹੈ। ਇਥੇ ਜ਼ਿਕਰਯੋਗ ਹੈ ਕਿ ਨਰਮਾ ਪੱਟੀ ਵਿੱਚ ਕਣਕ ਦੀ ਬਿਜਾਈ ਦਾ ਕਾਰਜ ਹਰ ਸਾਲ ਅਕਸਰ ਹੀ ਲੇਟ ਹੋ ਜਾਂਦਾ ਪਰ ਇਸ ਵਾਰ ਝੋਨੇ ਹੇਠ ਰਕਬਾ ਵੱਧ ਹੋਣ ਕਾਰਨ ਭਾਵੇਂ ਖੇਤ ਖਾਲੀ ਹੋ ਗਏ ਹਨ ਪਰ ਪਾਣੀ, ਬੀਜ ਅਤੇ ਖਾਦ ਦੀ ਸਭ ਤੋਂ ਵੱਡੀ ਦਿੱਕਤ ਬਣੀ ਹੋਈ ਹੈ, ਜਿਸ ਦੇ ਮਾੜੇ ਸਰਕਾਰੀ ਪ੍ਰਬੰਧਾਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿੱਚ ਉਤਰੀਆਂ ਹੋਈਆਂ ਹਨ। ਖੇਤੀ ਵਿਗਿਆਨੀ ਡਾ. ਜੀ.ਐਸ ਰੋਮਾਣਾ ਦਾ ਕਹਿਣਾ ਹੈ ਕਿ ਚੰਗਾ ਝਾੜ ਪ੍ਰਾਪਤ ਕਰਨ ਲਈ ਕਣਕ ਦੀ ਬਿਜਾਈ ਵੇਲੇ ਸਿਰ ਕਰਨੀ ਬੇਹੱਦ ਜ਼ਰੂਰੀ ਅਤੇ ਜੇਕਰ ਬਿਜਾਈ ਪਛੜ ਕੇ ਕੀਤੀ ਜਾਂਦੀ ਹੈ ਤਾਂ ਉਸ ਦਾ ਪਿਛੇਤ ਅਨੁਸਾਰ ਲਗਾਤਾਰ ਝਾੜ ਘੱਟਦਾ ਜਾਂਦਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਸਮੇਂ ਸਿਰ ਪੂਰਾ ਨਹਿਰੀ ਪਾਣੀ ਨਹੀਂ ਛੱਡਿਆ ਹੈ, ਨਾ ਹੀ ਡੀਏਪੀ ਦਾ ਬੰਦੋਬਸਤ ਕੀਤਾ ਹੈ ਅਤੇ ਨਾ ਹੀ ਕਿਸੇ ਸਹਿਕਾਰੀ ਸੁਸਾਇਟੀ ਵਿੱਚ ਕਣਕ ਦੀ ਸੁਧਰਿਆ ਬੀਜ ਭੇਜਿਆ ਹੈ, ਜਿਸ ਕਾਰਨ ਬਿਜਾਈ ਦਾ ਵੇਲੇ ਸਿਰ ਵਾਲੇ ਕਾਰਜ ਉਤੇ ‘ਆਪ’ ਦਾ ਝਾੜੂ ਫਿਰ ਗਿਆ ਹੈ।
ਕਿਸਾਨਾਂ ਨੂੰ ਬੀਜ ਛੇਤੀ ਮਿਲੇਗਾ: ਬਣਾਂਵਾਲੀ
‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮੰਨਿਆ ਕਿ ਡੀਏਪੀ ਅਤੇ ਬੀਜਾਂ ਦੇ ਮਾਮਲੇ ਨੂੰ ਪੰਜਾਬ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੋਇਆ ਹੈ ਅਤੇ ਡੀਏਪੀ ਖਾਦ ਅਤੇ ਬੀਜ ਸਹਿਕਾਰੀ ਸਭਾਵਾਂ ’ਚ ਪੁੱਜਣੇ ਸ਼ੁਰੂ ਹੋ ਗਏ ਹਨ।