ਹਰਿਆਣਾ ਦੇ ਮੰਤਰੀ ਮੰਡਲ ਦਾ ਵਿਸਤਾਰ
* ਇਕ ਵਿਧਾਇਕ ਨੇ ਕੈਬਨਿਟ ਮੰਤਰੀ ਤੇ 7 ਨੇ ਰਾਜ ਮੰਤਰੀਆਂ ਵਜੋਂ ਸਹੁੰ ਚੁੱਕੀ
* ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਦਿਵਾਇਆ ਹਲਫ਼
ਆਤਿਸ਼ ਗੁਪਤਾ
ਚੰਡੀਗੜ੍ਹ, 19 ਮਾਰਚ
ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਹੁਦਾ ਸੰਭਾਲਣ ਤੋਂ ਇਕ ਹਫ਼ਤੇ ਬਾਅਦ ਹੀ ਆਪਣੇ ਮੰਤਰੀ ਮੰਡਲ ਵਿੱਚ ਦੂਜਾ ਵਿਸਤਾਰ ਕਰਦਿਆਂ 8 ਵਿਧਾਇਕਾਂ ਨੂੰ ਮੰਤਰੀ ਬਣਾ ਦਿੱਤਾ ਹੈ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਚੰਡੀਗੜ੍ਹ ਸਥਿਤ ਹਰਿਆਣਾ ਰਾਜ ਭਵਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਇਕ ਵਿਧਾਇਕ ਨੂੰ ਕੈਬਨਿਟ ਮੰਤਰੀ ਅਤੇ 7 ਨੂੰ ਰਾਜ ਮੰਤਰੀਆਂ ਵਜੋਂ ਸਹੁੰ ਚੁਕਵਾਈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਹਿਸਾਰ ਤੋਂ ਵਿਧਾਇਕ ਡਾ. ਕਮਲ ਗੁਪਤਾ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਜਦਕਿ ਬੜਖਲ ਤੋਂ ਵਿਧਾਇਕਾ ਸੀਮਾ ਤਰੀਖਾ, ਪਾਣੀਪਤ ਤੋਂ ਵਿਧਾਇਕ ਮਹੀਪਾਲ ਢਾਂਡਾ, ਅੰਬਾਲਾ ਤੋਂ ਵਿਧਾਇਕ ਅਸੀਮ ਗੋਇਲ, ਨੰਗਲ ਚੌਧਰੀ ਤੋਂ ਵਿਧਾਇਕ ਅਭੈ ਸਿੰਘ ਯਾਦਵ, ਕੁਰੂਕਸ਼ੇਤਰ ਤੋਂ ਵਿਧਾਇਕ ਸੁਭਾਸ਼ ਸੁਧਾ, ਬਵਾਨੀ ਖੇੜਾ ਤੋਂ ਵਿਧਾਇਕ ਬਿਸ਼ੰਬਰ ਵਾਲਮੀਕਿ ਅਤੇ ਸੋਹਣਾ ਤੋਂ ਵਿਧਾਇਕ ਸੰਜੈ ਸਿੰਘ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਕੈਬਨਿਟ ਮੰਤਰੀ ਡਾ. ਕਮਲ ਗੁਪਤਾ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਰਹੇ। ਮੰਤਰੀ ਮੰਡਲ ਵਿੱਚ ਇਸ ਵਿਸਤਾਰ ਨਾਲ ਹਰਿਆਣਾ ਸਰਕਾਰ ਕੋਲ 6 ਕੈਬਨਿਟ ਮੰਤਰੀ ਅਤੇ 7 ਰਾਜ ਮੰਤਰੀ ਹੋ ਗਏ ਹਨ।
ਅਨਿਲ ਵਿੱਜ ਸਣੇ 4 ਪੁਰਾਣੇ ਮੰਤਰੀ ਕੈਬਨਿਟ ’ਚੋਂ ਬਾਹਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੀਂ ਕੈਬਨਿਟ ਵਿੱਚੋਂ ਅਨਿਲ ਵਿੱਜ ਸਣੇ 4 ਪੁਰਾਣੇ ਮੰਤਰੀਆਂ ਨੂੰ ਬਾਹਰ ਕਰ ਦਿੱਤਾ ਹੈ। ਇਸ ਵਿੱਚ ਸਾਬਕਾ ਗ੍ਰਹਿ ਤੇ ਸਿਹਤ ਅਨਿਲ ਵਿੱਜ ਦੇ ਨਾਲ ਓਮ ਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ ਅਤੇ ਸੰਦੀਪ ਸਿੰਘ ਦੇ ਨਾਂ ਸ਼ਾਮਲ ਹਨ। ਹਰਿਆਣਾ ਵਿੱਚ ਭਾਜਪਾ ਨੇ ਜੇਜੇਪੀ ਨਾਲ ਗੱਠਜੋੜ ਤੋੜਨ ਮਗਰੋਂ 6 ਆਜ਼ਾਦ ਵਿਧਾਇਕ ਅਤੇ ਹਰਿਆਣਾ ਲੋਕ ਹਿੱਤ ਪਾਰਟੀ ਦੇ ਇਕ ਵਿਧਾਇਕ ਦੀ ਮਦਦ ਨਾਲ ਬਹੁਮਤ ਸਾਬਤ ਕੀਤਾ ਹੈ। ਉਸ ਦੇ ਬਾਵਜੂਦ ਹਰਿਆਣਾ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿੱਚ ਕਿਸੇ ਵੀ ਆਜ਼ਾਦ ਵਿਧਾਇਕ ਨੂੰ ਥਾਂ ਨਾ ਮਿਲ ਸਕੀ।