ਹਿਮਾਚਲ ਪ੍ਰਦੇਸ਼ ਕੈਬਨਿਟ ਵਿੱਚ ਵਿਸਤਾਰ
ਸ਼ਿਮਲਾ, 12 ਦਸੰਬਰ
ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਕੈਬਨਿਟ ਦਾ ਵਿਸਤਾਰ ਕਰਦਿਆਂ ਅੱਜ ਰਾਜੇਸ਼ ਧਰਮਾਨੀ ਅਤੇ ਯਾਦਵੇਂਦਰ ਗੋਮਾ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਸੁੱਖੂ ਨੇ ਕਿਹਾ ਕਿ ਜਾਤੀ ਅਤੇ ਇਲਾਕੇ ਦਾ ਤਵਾਜ਼ਨ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮੰਡੀ ਜ਼ਿਲ੍ਹੇ ਤੋਂ ਕਾਂਗਰਸ ਦੇ ਇਕਲੌਤੇ ਵਿਧਾਇਕ ਚੰਦਰਸ਼ੇਖਰ ਨੂੰ ਵੀ ਜਲਦੀ ਹੀ ਕੋਈ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਮੰਤਰੀ ਮੰਡਲ ’ਚ ਇਹ ਵਾਧਾ 11 ਮਹੀਨਿਆਂ ਬਾਅਦ ਹੋਇਆ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਸ ਨਾਲ ਕੈਬਨਿਟ ਵਜ਼ੀਰਾਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਮੰਤਰੀ ਦਾ ਇੱਕ ਅਹੁਦਾ ਹਾਲੇ ਵੀ ਖਾਲੀ ਹੈ, ਜਿਹੜਾ ਕਿ ਜਲਦੀ ਹੀ ਭਰੇ ਜਾਣ ਦੀ ਉਮੀਦ ਹੈ। ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਰਾਜ ਭਵਨ ’ਚ ਸਮਾਗਮ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਹਾਜ਼ਰੀ ’ਚ ਦੋਵੇਂ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਦੱਸਣਯੋਗ ਹੈ ਕਿ ਮੁੱਖ ਸੰਸਦੀ ਸਕੱਤਰ ਰਹੇ ਧਰਮਾਨੀ (51) ਘੁਮਾਰਵੀਂ ਹਲਕੇ ਤੋਂ ਤਿੰਨ ਵਾਰ ਵਿਧਾਇਕ ਹਨ ਜਦਕਿ ਗੋਮਾ (37) ਜੈਸਿੰਘ ਹਲਕੇ ਤੋਂ ਦੂਜੀ ਵਾਰ ਵਿਧਾਇਕ ਹਨ। ਦੋਵੇਂ ਵਿਧਾਇਕਾਂ ਕੋਲ ਇੰਜਨੀਅਰਿੰਗ ਅਤੇ ਐੱਮਬੀਏ ਦੀਆਂ ਡਿਗਰੀਆਂ ਹਨ। -ਪੀਟੀਆਈ