For the best experience, open
https://m.punjabitribuneonline.com
on your mobile browser.
Advertisement

ਐਗਜ਼ਿਟ ਪੋਲ

06:23 AM Dec 01, 2023 IST
ਐਗਜ਼ਿਟ ਪੋਲ
Advertisement

ਦੇਸ਼ ਦੇ ਪੰਜ ਸੂਬਿਆਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ ਅਤੇ ਮਿਜ਼ੋਰਮ ਦੀਆਂ ਵਿਧਾਨ ਸਭਾਵਾਂ ਵਿਚ ਵੋਟਾਂ ਪਾਉਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਛੱਤੀਸਗੜ੍ਹ ਵਿਚ ਦੋ ਪੜਾਵਾਂ (7 ਤੇ 17 ਨਵੰਬਰ) ਵਿਚ ਵੋਟਾਂ ਪਈਆਂ ਜਦੋਂਕਿ ਬਾਕੀ ਸੂਬਿਆਂ ਵਿਚ ਇਹ ਪ੍ਰਕਿਰਿਆ ਇਕੋ ਦਿਨ ਵਿਚ ਮੁਕੰਮਲ ਹੋਈ। ਮਿਜ਼ੋਰਮ ਵਿਚ 7 ਨਵੰਬਰ, ਮੱਧ ਪ੍ਰਦੇਸ਼ ਵਿਚ 17 ਨਵੰਬਰ, ਰਾਜਸਥਾਨ ਵਿਚ 25 ਨਵੰਬਰ ਅਤੇ ਤਿਲੰਗਾਨਾ ਵਿਚ 30 ਨਵੰਬਰ ਨੂੰ ਵੋਟਾਂ ਪਈਆਂ। ਵੱਖ ਵੱਖ ਸਰਵੇਖਣਾਂ ਜਿਨ੍ਹਾਂ ਨੂੰ ਐਗਜ਼ਿਟ ਪੋਲ ਕਿਹਾ ਜਾਂਦਾ ਹੈ, ਵਿਚ ਵੱਖ ਵੱਖ ਤਰ੍ਹਾਂ ਦੇ ਅਨੁਮਾਨ ਪੇਸ਼ ਕੀਤੇ ਗਏ ਹਨ। ਇਨ੍ਹਾਂ ਅਨੁਮਾਨਾਂ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਰਾਜਸਥਾਨ ਵਿਚ ਭਾਰਤੀ ਜਨਤਾ ਪਾਰਟੀ ਜਿੱਤੇਗੀ ਅਤੇ ਛੱਤੀਸਗੜ੍ਹ ਵਿਚ ਕਾਂਗਰਸ। ਮੱਧ ਪ੍ਰਦੇਸ਼ ਵਿਚ ਕਾਂਗਰਸ ਅਤੇ ਭਾਜਪਾ ਵਿਚਕਾਰ ਕਾਂਟੇ ਦੀ ਟੱਕਰ ਦੱਸੀ ਜਾ ਰਹੀ ਹੈ; ਕੁਝ ਸਰਵੇਖਣ ਕਾਂਗਰਸ ਨੂੰ ਅੱਗੇ ਦਿਖਾ ਰਹੇ ਹਨ ਅਤੇ ਕੁਝ ਭਾਜਪਾ ਨੂੰ। ਤਿਲੰਗਾਨਾ ਵਿਚ ਕਾਂਗਰਸ ਮੁੜ ਸਿਆਸੀ ਤਾਕਤ ਵਜੋਂ ਉੱਭਰੀ ਹੈ ਅਤੇ ਉੱਥੇ ਵੀ ਮੁਕਾਬਲਾ ਸਖ਼ਤ ਹੈ। ਮਿਜ਼ੋਰਮ ਵਿਚ ਸੱਤਾਧਾਰੀ ਮਿਜ਼ੋਰਮ ਨੈਸ਼ਨਲ ਫਰੰਟ ਕਮਜ਼ੋਰ ਦਿਖਾਈ ਦਿੰਦਾ ਹੈ।
ਐਗਜ਼ਿਟ ਪੋਲ ਸੀਮਤ ਵੋਟਰਾਂ ਤੋਂ ਜਾਣਕਾਰੀ ਲੈ ਕੇ ਤਿਆਰ ਕੀਤੇ ਜਾਂਦੇ ਹਨ। ਮਾਹਿਰ ਪ੍ਰਾਪਤ ਜਾਣਕਾਰੀ ਤੋਂ ਉੱਭਰਦੇ ਰੁਝਾਨਾਂ ਨੂੰ ਕਈ ਪੱਖਾਂ ਤੋਂ ਘੋਖਦੇ ਹਨ ਅਤੇ ਇਹ ਦੇਖਿਆ ਜਾਂਦਾ ਹੈ ਕਿ ਕਿੰਨੇ ਫ਼ੀਸਦੀ ਵੋਟਾਂ ਵਿਚ ਹਿਲਜੁਲ ਹੋ ਰਹੀ ਹੈ। ਇਹ ਸਰਵੇਖਣ ਇਸ ਹਿਲਜੁਲ (Swing) ਦੇ ਆਧਾਰ ’ਤੇ ਤਿਆਰ ਕੀਤੇ ਜਾਂਦੇ ਹਨ। ਕੁਝ ਐਗਜ਼ਿਟ ਪੋਲ ਸਹੀ ਅਨੁਮਾਨ ਦੇਣ ਵਿਚ ਕਾਮਯਾਬ ਹੁੰਦੇ ਹਨ ਪਰ ਤਜਰਬਾ ਇਹ ਵੀ ਦੱਸਦਾ ਹੈ ਕਿ ਕਈ ਵਾਰ ਇਹ ਸਰਵੇਖਣ ਗ਼ਲਤ ਸਾਬਤ ਹੋਏ ਹਨ। ਇਸ ਦਾ ਕਾਰਨ ਸਰਵੇਖਣ ਦੀ ਪ੍ਰਕਿਰਿਆ ਦਾ ਗ਼ਲਤ ਹੋਣਾ ਹੁੰਦਾ ਹੈ ਭਾਵੇਂ ਕਈ ਵਾਰ ਸਰਵੇਖਣ ਕਰਨ ਵਾਲੀਆਂ ਸੰਸਥਾਵਾਂ ਦੇ ਸੰਚਾਲਕਾਂ ਦੇ ਮਨਾਂ ਵਿਚ ਪਏ ਤੁਅੱਸਬ ਵੀ ਸਰਵੇਖਣਾਂ ਨੂੰ ਪ੍ਰਭਾਵਿਤ ਕਰਦੇ ਹਨ।
ਐਗਜ਼ਿਟ ਪੋਲਾਂ ਵਿਚ ਦਿੱਤੇ ਰੁਝਾਨ ਕਿੰਨੇ ਸਹੀ ਤੇ ਕਿੰਨੇ ਗ਼ਲਤ ਹਨ, ਇਸ ਦਾ ਪਤਾ 3 ਦਸੰਬਰ ਨੂੰ ਲੱਗੇਗਾ ਜਦੋਂ ਵੋਟਾਂ ਦੀ ਗਿਣਤੀ ਹੋਣੀ ਹੈ। ਤਿਲੰਗਾਨਾ ਦੇ ਕੁਝ ਐਗਜ਼ਿਟ ਪੋਲਾਂ ਵਿਚ ਕਾਂਗਰਸ ਦਾ ਹੱਥ ਉੱਪਰ ਦਿਖਾਈ ਦਿੰਦਾ ਹੈ। ਕਾਂਗਰਸ ਦਾ ਤਿਲੰਗਾਨਾ ਵਿਚ ਮੁੜ ਸਿਆਸੀ ਸ਼ਕਤੀ ਵਜੋਂ ਉੱਭਰਨਾ ਦੱਸਦਾ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਰਾਜਸੀ ਪਾਰਟੀ ਸਿਆਸੀ ਪਿੜ ਵਿਚ ਵਾਪਸ ਆਉਣ ਦੀ ਤਾਕਤ ਰੱਖਦੀ ਹੈ। ਇਹ ਰੁਝਾਨ ਇਹ ਵੀ ਦੱਸਦੇ ਹਨ ਕਿ ਕਰਨਾਟਕ ਤੋਂ ਬਿਨਾ ਭਾਜਪਾ ਦੱਖਣੀ ਭਾਰਤ ਦੇ ਕਿਸੇ ਸੂਬੇ ਵਿਚ ਪੈਰ ਨਹੀਂ ਜਮ੍ਹਾ ਸਕੀ। ਕਰਨਾਟਕ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਕਾਰਨ ਭਾਜਪਾ ਇਸ ਖਿੱਤੇ ਬਾਰੇ ਚਿੰਤਾ ਵਿਚ ਹੈ। ਮੱਧ ਪ੍ਰਦੇਸ਼ ਵਿਚਲੀ ਟੱਕਰ ਉੱਤਰੀ ਭਾਰਤ ਦੇ ਸੂਬਿਆਂ ਵਿਚ ਵੋਟਰਾਂ ਦੀ ਮਾਨਸਿਕਤਾ ਬਾਰੇ ਸੰਕੇਤ ਦੇਵੇਗੀ। ਜੇ ਭਾਜਪਾ ਇਸ ਸੂਬੇ ਵਿਚ ਜਿੱਤਦੀ ਹੈ ਤਾਂ ਉਹ ਅਗਲੀਆਂ ਲੋਕ ਸਭਾ ਚੋਣਾਂ ਵਿਚ ਜ਼ਿਆਦਾ ਵਿਸ਼ਵਾਸ ਨਾਲ ਉੱਤਰੇਗੀ; ਭਾਜਪਾ ਨੇ ਇਸ ਸੂਬੇ ਵਿਚ ਕਈ ਕੇਂਦਰੀ ਮੰਤਰੀਆਂ ਨੂੰ ਚੋਣ ਪਿੜ ਵਿਚ ਉਤਾਰਿਆ ਹੈ। ਇਸ ਸੂਬੇ ਵਿਚ ਕਾਂਗਰਸ ਦੀ ਜਿੱਤ ‘ਇੰਡੀਆ’ ਗੱਠਜੋੜ ਨੂੰ ਮਜ਼ਬੂਤ ਕਰੇਗੀ। ਐਗਜ਼ਿਟ ਪੋਲਾਂ ਅਨੁਸਾਰ ਪੰਜਾਂ ਸੂਬਿਆਂ ਵਿਚ ਨਤੀਜੇ ਮਿਲੇ-ਜੁਲੇ ਰਹਿਣ ਦੀ ਸੰਭਾਵਨਾ ਹੈ।

Advertisement

Advertisement
Advertisement
Author Image

joginder kumar

View all posts

Advertisement