ਐਗਜ਼ਿਟ ਪੋਲ ਦੇ ਅੰਕੜੇ ਨਤੀਜਿਆਂ ਦੀ ਦਿਸ਼ਾ ਤੈਅ ਕਰਦੇ ਹਨ: ਵਿੱਜ
ਰਤਨ ਸਿੰਘ ਢਿੱਲੋਂ
ਅੰਬਾਲਾ, 2 ਜੂਨ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਐਗਜ਼ਿਟ ਪੋਲ ਦੇ ਅੰਕੜੇ ਨਤੀਜਿਆਂ ਦੀ ਦਿਸ਼ਾ ਤੈਅ ਕਰਦੇ ਹਨ। ਸਾਰੇ ਐਗਜ਼ਿਟ ਪੋਲ ਦੱਸ ਰਹੇ ਹਨ ਕਿ ਨਰਿੰਦਰ ਮੋਦੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਪਰ ਸੀਟਾਂ ਸਾਰੇ ਵੱਖ-ਵੱਖ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਪਾਰਟੀ ਚਾਰ ਸੌ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਇਸ ਬਾਰੇ ਮੋਦੀ ਨੇ ਜੋ ਕਿਹਾ ਸੀ, ਉਹ ਸੱਚ ਹੋਵੇਗਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਕੇਂਦਰ ਵਿੱਚ ਸਰਕਾਰ ਬਣਾਏਗੀ। ਆਮ ਆਦਮੀ ਪਾਰਟੀ ਬਾਰੇ ਸਵਾਲ ਪੁੱਛੇ ਜਾਣ ’ਤੇ ਸ੍ਰੀ ਵਿੱਜ ਨੇ ਕਿਹਾ ਕਿ ਇਨ੍ਹਾਂ (ਆਪ) ਨੇ ਜੋ ਕੰਮ ਕੀਤੇ ਹਨ, ਉਨ੍ਹਾਂ ਦੀ ਸਜ਼ਾ ਤਾਂ ਮਿਲਣੀ ਹੈ। ਇਹ ਲੋਕ ਅੰਨਾ ਹਜ਼ਾਰੇ ਨਾਲ ਮੰਚ ’ਤੇ ਜਿਨ੍ਹਾਂ ਗੱਲਾਂ ਖ਼ਿਲਾਫ਼ ਬੋਲਦੇ ਸਨ, ਹੁਣ ਉਹ ਕੰਮ ਆਪ ਕਰ ਰਹੇ ਹਨ। ਅਜਿਹਾ ਕਰ ਕੇ ‘ਆਪ’ ਨੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ। ‘ਆਪ’ ਸਰਕਾਰ ਦੇ ਹਰਿਆਣਾ ਖ਼ਿਲਾਫ਼ ਪਾਣੀ ਨਾ ਦੇਣ ਦੇ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਾਣ ਸਬੰਧੀ ਪੁੱਛਣ ’ਤੇ ਸ੍ਰੀ ਵਿੱਜ ਨੇ ਕਿਹਾ ਕਿ ਉਹ ਅਦਾਲਤ ਵਿੱਚ ਜਾਣ, ਪਰ ਜਿੰਨਾ ਪਾਣੀ ਤੈਅ ਹੈ, ਉਸ ਤੋਂ ਵੱਧ ਦਿੱਤਾ ਜਾ ਰਿਹਾ ਹੈ। ਉਨ੍ਹਾਂ ‘ਆਪ’ ’ਤੇ ਪਾਣੀ ਰੋਕਣ ਦੇ ਦੋਸ਼ ਲਾਏ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਬਿਆਨ ਕਿ ਉਨ੍ਹਾਂ ਦੇ ਗੱਠਜੋੜ ਨੂੰ 295 ਸੀਟਾਂ ਮਿਲਣ ਵਾਲੀਆਂ ਹਨ ’ਤੇ ਟਿੱਪਣੀ ਕਰਦਿਆਂ ਸ੍ਰੀ ਵਿੱਜ ਨੇ ਕਿਹਾ ਕਿ ਇੰਡੀਆ ਗੱਠਜੋੜ ਦਾ ਕੁਝ ਵੀ ਬਣਨ ਵਾਲਾ ਨਹੀਂ ਹੈ। ਉਹ ਗਲਤ ਬਿਆਨ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।