Exit Poll: ਦਿੱਲੀ ਚੋਣਾਂ: ਕਾਂਗਰਸ ਵੱਲੋਂ ਦਿੱਲੀ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ
ਨਵੀਂ ਦਿੱਲੀ, 5 ਫਰਵਰੀ
ਕਾਂਗਰਸ ਨੇ ਦਿੱਲੀ ਦੇ ਲੋਕਾਂ ਦਾ ਆਪਣੀ ਵੋਟ ਪਾਉਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਸਮਰਥਨ ਪਾਰਟੀ ਦੀ ਵੱਡੀ ਤਾਕਤ ਹੈ। ਐਕਸ ’ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਾਂਗਰਸ ਪਾਰਟੀ ਨੇ ਦਿੱਲੀ ਕਾਂਗਰਸ ਕਮੇਟੀ ਵਲੋਂ ਦਿੱਲੀ ਦੇ ਸਾਰੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਪਾਰਟੀ ਹਮੇਸ਼ਾ ਲੋਕਾਂ ਦੇ ਹੱਕ ਲੈਣ ਲਈ ਡਟ ਕੇ ਕੰਮ ਕਰੇਗੀ।
ਉਨ੍ਹਾਂ ਲਿਖਿਆ, ‘ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਿੱਸਾ ਲੈ ਕੇ ਸਾਨੂੰ ਪ੍ਰੇਰਿਤ ਕੀਤਾ। ਤੁਹਾਡਾ ਸਮਰਥਨ ਸਾਡੇ ਲਈ ਇੱਕ ਵੱਡੀ ਤਾਕਤ ਹੈ।’
ਦਿੱਲੀ ਕਾਂਗਰਸ ਨੇ ਲਿਖਿਆ, ‘ਅਸੀਂ ਦਿੱਲੀ ਦੇ ਹਰ ਜਣੇ ਦੀਆਂ ਉਮੀਦਾਂ ’ਤੇ ਖਰਾ ਉਤਰਨ ਅਤੇ ਉਨ੍ਹਾਂ ਦੇ ਭਰੋਸੇ ਨੂੰ ਕਾਇਮ ਰੱਖਣ ਦਾ ਵਾਅਦਾ ਕਰਦੇ ਹਾਂ। ਤੁਹਾਡਾ ਸਮਰਥਨ ਹਮੇਸ਼ਾ ਸਾਨੂੰ ਦਿੱਲੀ ਨੂੰ ਬਿਹਤਰ ਅਤੇ ਖੁਸ਼ਹਾਲ ਬਣਾਉਣ ਲਈ ਇਸ ਯਾਤਰਾ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰੇਗਾ।’
ਕੌਮੀ ਰਾਜਧਾਨੀ ਦੇ 70 ਵਿਧਾਨ ਸਭਾ ਹਲਕਿਆਂ ’ਚ ਅੱਜ ਵੋਟਾਂ ਪਈਆਂ ਤੇ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟ ਪੇਟੀਆਂ ਵਿਚ ਬੰਦ ਹੋ ਗਿਆ ਹੈ। ‘ਆਪ’ ਦੀ ਨਜ਼ਰ ਲਗਾਤਾਰ ਤੀਜੀ ਵਾਰ ਜਿੱਤਣ ’ਤੇ ਹੈ, ਜਦਕਿ ਭਾਜਪਾ 1998 ਤੋਂ ਬਾਅਦ ਸੱਤਾ ’ਤੇ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਕਾਂਗਰਸ ਨੂੰ ਵੀ ਵਾਪਸੀ ਦੀ ਉਮੀਦ ਹੈ। ਪੀਟੀਆਈ