Exit Poll: ਦਿੱਲੀ ਚੋਣਾਂ: ‘ਆਪ’ ਨੇ ਐਗਜ਼ਿਟ ਪੋਲ ਨੂੰ ਨਕਾਰਿਆ
ਨਵੀਂ ਦਿੱਲੀ, 5 ਫਰਵਰੀ
AAP rejects exit polls: ਦਿੱਲੀ ਦੇ ਐਗਜ਼ਿਟ ਪੋਲ ਵਿੱਚ ਇਸ ਵਾਰ ਭਾਜਪਾ ਦੀ ਸਰਕਾਰ ਬਣਨੀ ਤੈਅ ਦਿਖਾਈ ਗਈ ਹੈ। ਦੂਜੇ ਪਾਸੇ ‘ਆਪ’ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਵਾਰ ‘ਆਪ’ ਮੁੜ ਬਹੁਮਤ ਹਾਸਲ ਕਰ ਕੇ ਇਤਿਹਾਸ ਰਚੇਗੀ ਜਦਕਿ ਭਾਜਪਾ ਨੇ ਕਿਹਾ ਹੈ ਕਿ ਇਨ੍ਹਾਂ ਐਗਜ਼ਿਟ ਪੋਲ ਨੇ ਲੋਕਾਂ ਦੀ ਤਬਦੀਲੀ ਦੀ ਇੱਛਾ ਨੂੰ ਦਰਸਾਇਆ ਹੈ। 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਾਂ ਅੱਜ ਸ਼ਾਮ 6 ਵਜੇ ਤਕ ਪਈਆਂ ਤੇ ਜ਼ਿਆਦਾਤਰ ਐਗਜ਼ਿਟ ਪੋਲ ਨੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਘੱਟ ਤੇ ਭਾਜਪਾ ਨੂੰ ਵੱਧ ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ‘ਆਪ’ ਦੀ ਕੌਮੀ ਬੁਲਾਰਾ ਰੀਨਾ ਗੁਪਤਾ ਨੇ ਦੱਸਿਆ ਕਿ ਐਗਜ਼ਿਟ ਪੋਲ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਘੱਟ ਆਂਕਿਆ ਹੈ ਪਰ ਅਸਲ ਨਤੀਜਿਆਂ ਵਿੱਚ ਪਾਰਟੀ ਨੂੰ ਇਨ੍ਹਾਂ ਅਨੁਮਾਨਾਂ ਨਾਲੋਂ ਕਈ ਗੁਣਾਂ ਜ਼ਿਆਦਾ ਸੀਟਾਂ ਮਿਲਣਗੀਆਂ ਤੇ ਪਾਰਟੀ ਮੁੜ ਜਿੱਤ ਕੇ ਇਤਿਹਾਸ ਰਚੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਦੇ ਐਗਜ਼ਿਟ ਪੋਲ ’ਤੇ ਨਜ਼ਰ ਮਾਰੋ, ਚਾਹੇ 2013, 2015 ਜਾਂ 2020 ਹੋਵੇ ‘ਆਪ’ ਨੂੰ ਹਮੇਸ਼ਾ ਘੱਟ ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਸਨ ਪਰ ਅਸਲ ਨਤੀਜਿਆਂ ’ਚ ਇਸ ਨੂੰ ਜ਼ਿਆਦਾ ਸੀਟਾਂ ਮਿਲੀਆਂ ਸਨ।
ਦੂਜੇ ਪਾਸੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਪਾਰਟੀ ਐਗਜ਼ਿਟ ਪੋਲ ਦਾ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਤਬਦੀਲੀ ਲਿਆਉਣੀ ਹੈ ਤੇ ਜਿਸ ਸਬੰਧੀ ਐਗਜ਼ਿਟ ਪੋਲ ਨੇ ਲੋਕਾਂ ਦੀ ਸੋਚਣੀ ’ਤੇ ਮੋਹਰ ਲਾਈ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਦਿੱਲੀ ਦੇ ਲੋਕਾਂ ਨੇ ਬਹੁਤ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਸੀ ਕਿ ਉਹ ਤਬਦੀਲੀ ਚਾਹੁੰਦੇ ਹਨ। ਦਿੱਲੀ ਵਾਸੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਹਨ। ਸ੍ਰੀ ਸਚਦੇਵਾ ਨੇ ਕਿਹਾ ਕਿ ਸ਼ਹਿਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜੰਗ ਸ਼ੁਰੂ ਕਰਨ ਲਈ ਭਾਜਪਾ ਵਰਕਰਾਂ ਨੇ ਚੋਣਾਂ ਤੋਂ ਪਹਿਲਾਂ ਬਹੁਤ ਕੰਮ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ‘ਆਪ’ ਸੱਤਾ ਤੋਂ ਬਾਹਰ ਹੋਣ ਦੇ ਰਾਹ ’ਤੇ ਹੈ ਅਤੇ ਭਗਵਾਂ ਪਾਰਟੀ 25 ਸਾਲਾਂ ਤੋਂ ਵੱਧ ਦੇ ਵਕਫ਼ੇ ਤੋਂ ਬਾਅਦ ਦਿੱਲੀ ਵਿਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ।