ਐਗਜ਼ਿਟ ਪੋਲ: ਛੱਤੀਸਗੜ੍ਹ ਤੇ ਤਿਲੰਗਾਨਾ ’ਚ ਕਾਂਗਰਸ ਅੱਗੇ
ਪੰਜ ਸੂਬਿਆਂ ਦੀਆਂ ਿਵਧਾਨ ਸਭਾ ਚੋਣਾਂ ਦੇ ਨਤੀਜੇ 3 ਦਸੰਬਰ ਨੂੰ
ਨਵੀਂ ਦਿੱਲੀ, 30 ਨਵੰਬਰ
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਆਏ ਜ਼ਿਆਦਾਤਰ ਚੋਣ ਸਰਵੇਖਣਾਂ (ਐਗਜ਼ਿਟ ਪੋਲ) ’ਚ ਛੱਤੀਸਗੜ੍ਹ ਅਤੇ ਤਿਲੰਗਾਨਾ ’ਚ ਕਾਂਗਰਸ ਨੂੰ ਅੱਗੇ ਦਿਖਾਇਆ ਗਿਆ ਹੈ ਜਦਕਿ ਭਾਜਪਾ ਦੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਅੱਗੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਚੋਣ ਸਰਵੇਖਣਾਂ ਮੁਤਾਬਕ ਮਿਜ਼ੋਰਮ ’ਚ ਜ਼ੋਰਾਮ ਪੀਪਲਜ਼ ਮੂਵਮੈਂਟ ਦਾ ਮਿਜ਼ੋ ਨੈਸ਼ਨਲ ਫਰੰਟ ਨਾਲ ਫਸਵਾਂ ਮੁਕਾਬਲਾ ਹੈ ਜਦਕਿ ਕਾਂਗਰਸ ਅਤੇ ਭਾਜਪਾ ਦੇ ਪਿੱਛੇ ਰਹਿਣ ਦੀ ਸੰਭਾਵਨਾ ਹੈ। ਭਾਜਪਾ ਦੀ ਮੱਧ ਪ੍ਰਦੇਸ਼ (230) ਜਦਕਿ ਕਾਂਗਰਸ ਦੀ ਰਾਜਸਥਾਨ (200) ਅਤੇ ਛੱਤੀਸਗੜ੍ਹ (90) ’ਚ ਸਰਕਾਰਾਂ ਹਨ। ਤਿਲੰਗਾਨਾ ’ਚ ਕੇ ਚੰਦਰਸ਼ੇਖਰ ਰਾਓ ਦੀ ਅਗਵਾਈ ਹੇਠ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਪਿਛਲੇ 10 ਸਾਲਾਂ ਤੋਂ ਸੱਤਾ ’ਚ ਹੈ ਅਤੇ ਮਿਜ਼ੋਰਮ ’ਚ ਐੱਮਐੱਨਐੱਫ ਦੀ ਸਰਕਾਰ ਹੈ। ਪੰਜ ਸੂਬਿਆਂ ’ਚ 7 ਤੋਂ 30 ਨਵੰਬਰ ਤੱਕ ਵੋਟਾਂ ਪਈਆਂ ਸਨ ਅਤੇ ਨਤੀਜੇ 3 ਦਸੰਬਰ ਨੂੰ ਆਉਣਗੇ।
ਮੱਧ ਪ੍ਰਦੇਸ਼ ’ਚ ‘ਜਨ ਕੀ ਬਾਤ’ ਐਗਜ਼ਿਟ ਪੋਲ ’ਚ ਭਾਜਪਾ ਨੂੰ 100-123 ਸੀਟਾਂ ਦਿੱਤੀਆਂ ਗਈਆਂ ਹਨ ਜਦਕਿ ਕਾਂਗਰਸ ਨੂੰ 102-125 ਸੀਟਾਂ, ‘ਰਿਪਬਲਿਕ ਟੀਵੀ-ਮੈਟਰਿਜ਼’ ਨੇ ਭਾਜਪਾ ਨੂੰ 118-130 ਅਤੇ ਕਾਂਗਰਸ ਨੂੰ 97-107 ਸੀਟਾਂ ਦਿੱਤੀਆਂ ਹਨ। ‘ਟੀਵੀ9 ਭਾਰਤਵਰਸ਼’ ਨੇ ਭਾਜਪਾ ਨੂੰ 106-116 ਅਤੇ ਕਾਂਗਰਸ ਨੂੰ 111-121 ਸੀਟਾਂ ’ਤੇ ਅੱਗੇ ਦਿਖਾਇਆ ਹੈ। ‘ਟੁਡੇਜ਼ ਪੰਚਾਰੀ’ ਨੇ ਮੱਧ ਪ੍ਰਦੇਸ਼ ’ਚ ਭਾਜਪਾ ਦੀ ਹੂੰਝਾ ਫੇਰ ਜਿੱਤ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਭਾਜਪਾ ਨੂੰ 151 (12 ਸੀਟਾਂ ਘੱਟ ਵਧ) ਅਤੇ ਕਾਂਗਰਸ ਨੂੰ 74 ਸੀਟਾਂ (12 ਸੀਟਾਂ ਘੱਟ ਵਧ) ਦਿੱਤੀਆਂ ਹਨ। ‘ਜਿਸਟ-ਟੀਆਈਐੱਫ-ਐੱਨਏਆਈ’ ਨੇ ਕਿਹਾ ਕਿ ਕਾਂਗਰਸ ਨੂੰ ਮੱਧ ਪ੍ਰਦੇਸ਼ ’ਚ 2018 ਵਰਗੀ ਬੜ੍ਹਤ ਹਾਸਲ ਹੋਵੇਗੀ ਅਤੇ ਉਹ ਭਾਜਪਾ ਨਾਲੋਂ ਅੱਗੇ ਰਹੇਗੀ।
ਰਾਜਸਥਾਨ ’ਚ ‘ਇੰਡੀਆ ਟੁਡੇ-ਐਕਸਿਸ ਮਾਈ ਇੰਡੀਆ’ ਨੇ ਫਸਵਾਂ ਮੁਕਾਬਲਾ ਦਿਖਾਇਆ ਹੈ। ਉਨ੍ਹਾਂ ਕਾਂਗਰਸ ਨੂੰ 86-106, ਭਾਜਪਾ ਨੂੰ 80-100 ਅਤੇ ਹੋਰਾਂ ਨੂੰ 9-18 ਸੀਟਾਂ ਦਿੱਤੀਆਂ ਹਨ। ‘ਜਨ ਕੀ ਬਾਤ’ ਨੇ ਭਾਜਪਾ ਨੂੰ 100-122 ਅਤੇ ਕਾਂਗਰਸ ਨੂੰ 62-85 ਸੀਟਾਂ ’ਤੇ ਅੱਗੇ ਦਿਖਾਇਆ ਹੈ। ਟੀਵੀ9 ਭਾਰਤਵਰਸ਼ ਨੇ ਭਾਜਪਾ ਨੂੰ 100-110 ਅਤੇ ਕਾਂਗਰਸ ਨੂੰ 90-100 ਸੀਟਾਂ ਦਿੱਤੀਆਂ ਹਨ। ਟਾਈਮਜ਼ ਨਾਓ ਨੇ ਭਾਜਪਾ ਨੂੰ 108-128 ਅਤੇ ਕਾਂਗਰਸ ਨੂੰ 56-72 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ। ਛੱਤੀਸਗੜ੍ਹ ’ਚ ਏਬੀਪੀ ਨਿਊਜ਼-ਸੀ ਵੋਟਰ ਨੇ ਕਾਂਗਰਸ ਨੂੰ 41-53 ਜਦਕਿ ਭਾਜਪਾ ਨੂੰ 36-48 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ। ਇੰਡੀਆ ਟੁਡੇ-ਐਕਸਿਸ ਮਾਈ ਇੰਡੀਆ ਨੇ ਕਾਂਗਰਸ ਨੂੰ 40-50 ਅਤੇ ਭਾਜਪਾ ਨੂੰ 36-46 ਸੀਟਾਂ ਦਿੱਤੀਆਂ ਹਨ।
ਇੰਡੀਆ ਟੀਵੀ-ਸੀਐੱਨਐਕਸ ਨੇ ਕਾਂਗਰਸ ਨੂੰ 46-56 ਅਤੇ ਭਾਜਪਾ ਨੂੰ 30-40 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ। ਜਨ ਕੀ ਬਾਤ ਮੁਤਾਬਕ ਕਾਂਗਰਸ ਨੂੰ 42-53 ਜਦਕਿ ਭਾਜਪਾ ਨੂੰ 34-45 ਸੀਟਾਂ ਮਿਲਣਗੀਆਂ। ਟੁਡੇਜ਼ ਪੰਚਾਰੀ ਨੇ ਕਾਂਗਰਸ ਨੂੰ 57 ਅਤੇ ਭਾਜਪਾ ਨੂੰ 33 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਤਿਲੰਗਾਨਾ ’ਚ ਇੰਡੀਆ ਟੀਵੀ-ਸੀਐੱਨਐਕਸ ਨੇ ਕਾਂਗਰਸ ਨੂੰ 63-79, ਬੀਆਰਐੱਸ ਨੂੰ 31-47, ਭਾਜਪਾ ਨੂੰ 2-4 ਅਤੇ ਏਆਈਐੱਮਆਈਐੱਮ ਨੂੰ 5-7 ਸੀਟਾਂ ’ਤੇ ਅੱਗੇ ਦਿਖਾਇਆ ਹੈ। ਜਨ ਕੀ ਬਾਤ ਨੇ ਕਾਂਗਰਸ ਨੂੰ 48-64 ਸੀਟਾਂ ਦਿੱਤੀਆਂ ਹਨ ਜਦਕਿ ਬੀਆਰਐੱਸ ਦੇ 40-55, ਭਾਜਪਾ ਦੇ 7-13 ਅਤੇ ਏਆਈਐੱਮਆਈਐੱਮ ਦੇ 4-7 ਸੀਟਾਂ ’ਤੇ ਜਿੱਤਣ ਦੀ ਪੇਸ਼ੀਨਗੋਈ ਕੀਤੀ ਹੈ। ਰਿਪਬਲਿਕ ਟੀਵੀ-ਮੈਟਰਿਜ਼ ਨੇ ਤਿਲੰਗਾਨਾ ’ਚ ਕਾਂਗਰਸ ਨੂੰ 58-68 ਸੀਟਾਂ, ਬੀਆਰਐੱਸ ਦੇ 46-56 ਅਤੇ ਏਆਈਐੱਮਆਈਐੱਮ ਦੇ 5-9 ਸੀਟਾਂ ’ਤੇ ਜਿੱਤ ਦੀ ਸੰਭਾਵਨਾ ਜਤਾਈ ਹੈ। ਟੀਵੀ9 ਭਾਰਤਵਰਸ਼ ਨੇ ਕਾਂਗਰਸ ਨੂੰ 49-59 ਅਤੇ ਬੀਆਰਐੱਸ ਨੂੰ 48-58 ਸੀਟਾਂ ਦਿੱਤੀਆਂ ਹਨ। -ਪੀਟੀਆਈ
ਮੈਨੂੰ ਚੋਣ ਸਰਵੇਖਣਾਂ ’ਤੇ ਭਰੋਸਾ ਨਹੀਂ: ਉਮਾ ਭਾਰਤੀ
ਭੁਪਾਲ: ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਆਗੂ ਉਮਾ ਭਾਰਤੀ ਨੇ ਕਿਹਾ ਹੈ ਕਿ ਉਸ ਨੂੰ ਚੋਣ ਸਰਵੇਖਣਾਂ ’ਤੇ ਯਕੀਨ ਨਹੀਂ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਾ ਭਾਰਤੀ ਨੇ ਕਿਹਾ,‘‘ਮੈਂ ਚਾਹੁੰਦੀ ਹਾਂ ਕਿ ਮੱਧ ਪ੍ਰਦੇਸ਼ ’ਚ ਮੇਰੀ ਪਾਰਟੀ (ਭਾਜਪਾ) ਮੁੜ ਸਰਕਾਰ ਬਣਾਏ। ਮੈਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਬਹੁਤ ਸਤਿਕਾਰ ਕਰਦੀ ਹਾਂ।’’ ਐਗਜ਼ਿਟ ਪੋਲ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਹ ਇਸ ’ਤੇ ਯਕੀਨ ਨਹੀਂ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ,‘‘ਚੋਣ ਸਰਵੇਖਣਾਂ ’ਚ ਉਹ ਇਕ ਪਾਰਟੀ ਦੇ 112 ਤੋਂ 130 (ਮੱਧ ਪ੍ਰਦੇਸ਼ ’ਚ 230 ਸੀਟਾਂ) ਵਿਚਕਾਰ ਸੀਟਾਂ ਜਿੱਤਣ ਦੀ ਸੰਭਾਵਨਾ ਪ੍ਰਗਟਾਉਂਦੇ ਹਨ। ਹੁਣ ਜੇਕਰ ਉਹ ਪਾਰਟੀ 112 ਸੀਟਾਂ ਜਿੱਤ ਕੇ ਵੀ ਚੋਣਾਂ ਹਾਰ ਜਾਂਦੀ ਹੈ ਤਾਂ ਚੋਣ ਸਰਵੇਖਣ ਕਰਨ ਵਾਲੇ ਦਾਅਵਾ ਕਰਨਗੇ ਕਿ ਉਹ ਸਹੀ ਸਾਬਿਤ ਹੋਏ ਹਨ। ਪਰ ਜੇਕਰ ਉਹੋ ਪਾਰਟੀ 120 ਸੀਟਾਂ ਜਿੱਤ ਕੇ ਸਰਕਾਰ ਬਣਾਉਂਦੀ ਹੈ ਤਾਂ ਐਗਜ਼ਿਟ ਪੋਲ ਵਾਲੇ ਦਾਅਵਾ ਕਰਨਗੇ ਕਿ ਉਨ੍ਹਾਂ ਦੀ ਪੇਸ਼ੀਨਗੋਈ ਸਹੀ ਸਾਬਿਤ ਹੋਈ ਹੈ। ਇਸ ਕਰਕੇ ਐਗਜ਼ਿਟ ਪੋਲ ਇਕੋ ਸਿੱਕੇ ਦੇ ਦੋ ਪਾਸੇ ਹਨ ਜਿਸ ਕਾਰਨ ਮੈਂ ਉਨ੍ਹਾਂ ’ਤੇ ਯਕੀਨ ਨਹੀਂ ਕਰਦੀ ਹਾਂ।’’ ਉਨ੍ਹਾਂ ਮੱਧ ਪ੍ਰਦੇਸ਼ ’ਚ 1998 ’ਚ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੱਤਾ ਜਦੋਂ ਭਾਜਪਾ ਨੇ ਭੁਪਾਲ ’ਚ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਸਨ ਪਰ ਕਾਂਗਰਸ ਨੇ ਦਿਗਵਿਜੈ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਈ ਸੀ। -ਪੀਟੀਆਈ
ਤਿਲੰਗਾਨਾ ਵਿੱਚ 64 ਫ਼ੀਸਦੀ ਵੋਟਿੰਗ
ਹੈਦਰਾਬਾਦ: ਤਿਲੰਗਾਨਾ ’ਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵਿਧਾਨ ਸਭਾ ਚੋਣਾਂ ਦਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ। ਚੋਣ ਕਮਿਸ਼ਨ ਮੁਤਾਬਕ ਸ਼ਾਮ ਪੰਜ ਵਜੇ ਤੱਕ ਸੂਬੇ ’ਚ 64 ਫ਼ੀਸਦੀ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਬੀਆਰਐੱਸ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ’ਚ ਹੈ ਜਦਕਿ ਵਿਰੋਧੀ ਧਿਰ ਕਾਂਗਰਸ ਨੇ ਵੀ ਸਰਕਾਰ ਬਣਾਉਣ ਲਈ ਪੂਰੀ ਵਾਹ ਲਾਈ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਆਗੂਆਂ ਦੀਆਂ ਰੈਲੀਆਂ ਨਾਲ ਤਿਲੰਗਾਨਾ ’ਚ ਆਪਣਾ ਜ਼ੋਰ ਦਿਖਾਇਆ। ਕਈ ਜ਼ਿਲ੍ਹਿਆਂ ਦੇ ਪੋਲਿੰਗ ਸਟੇਸ਼ਨਾਂ ’ਤੇ ਕਾਂਗਰਸ ਅਤੇ ਬੀਆਰਐੱਸ ਦੇ ਵਰਕਰ ਇਕ-ਦੂਜੇ ਨਾਲ ਬਹਿਸਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਪੁਲੀਸ ਨੇ ਬਾਅਦ ’ਚ ਖਿੰਡਾ ਦਿੱਤਾ। ਨਕਸਲ ਪ੍ਰਭਾਵਿਤ 13 ਹਲਕਿਆਂ ’ਚ ਪੋਲਿੰਗ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਹੋਈ ਜਦਕਿ 106 ਹਲਕਿਆਂ ’ਚ ਵੋਟਾਂ ਦਾ ਅਮਲ ਸ਼ਾਮ 5 ਵਜੇ ਮੁਕੰਮਲ ਹੋਇਆ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਸੂਬੇ ’ਚ ਬੀਆਰਐੱਸ ਦੇ ਹਾਰਨ ਦੀਆਂ ਸਰਵੇਖਣ ਰਿਪੋਰਟਾਂ ਨੂੰ ਨਕਾਰਦਿਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੇ ਪੁੱਤਰ ਕੇ ਟੀ ਰਾਮਾ ਰਾਓ ਨੇ ਭਰੋਸਾ ਜਤਾਇਆ ਕਿ ਪਾਰਟੀ 70 ਤੋਂ ਵੱਧ ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾਏਗੀ। -ਪੀਟੀਆਈ