ਐਗਜ਼ਿਟ ਪੋਲ: ਕਾਂਗਰਸ ਨੇ ਸਵੀਕਾਰਿਆ, ਭਾਜਪਾ ਨੇ ਨਕਾਰਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਐਗਜ਼ਿਟ ਪੋਲ ਨਾਲ ਕਾਂਗਰਸ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਹੈ, ਹਾਲਾਂਕਿ ਭਾਜਪਾ ਆਗੂਆਂ ਵੱਲੋਂ ਐਗਜ਼ਿਟ ਪੋਲ ਨੂੰ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਨਤੀਜੇ ਆਉਣ ’ਤੇ ਸਥਿਤੀ ਸਪੱਸ਼ਟ ਹੋਵੇਗੀ। ਹਰਿਆਣਾ ਦੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਵਿੱਚ ਤੀਜੀ ਵਾਰ ਭਾਜਪਾ ਦੀ ਅਗਵਾਈ ਹੇਠ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਐਗਜ਼ਿਟ ਪੋਲ ਦੇਖ ਕੇ ਕਾਂਗਰਸੀ ਖੁਸ਼ ਹੋ ਰਹੇ ਹਨ ਪਰ 8 ਅਕਤੂਬਰ ਨੂੰ ਨਤੀਜੇ ਭਾਜਪਾ ਦੇ ਹੱਕ ਵਿੱਚ ਆਉਣਗੇ। ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਭਾਜਪਾ ਦੇ ਕੰਮਾਂ ਨੂੰ ਵੇਖਿਆ ਹੈ। ਇਸ ਕਾਰਨ 8 ਅਕਤੂਬਰ ਨੂੰ ਭਾਜਪਾ ਤੀਜੀ ਵਾਰ ਸਰਕਾਰ ਬਣਾਏਗੀ। ਹਰਿਆਣਾ ਕਾਂਗਰਸ ਦੇ ਪ੍ਰਧਾਨ ਚੌਧਰੀ ਉਦੈਭਾਨ ਨੇ ਕਿਹਾ ਕਿ ਇਸ ਵਾਰ ਹਰਿਆਣਾ ਵਿੱਚ ਕਾਂਗਰਸ ਪਾਰਟੀ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਵੇਗੀ। ਇਸ ਦੌਰਾਨ ਚੌਧਰੀ ਉਦੈਭਾਨ ਨੇ 70 ਸੀਟਾਂ ’ਤੇ ਕਾਂਗਰਸ ਦੀ ਜਿੱਤ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਹੈ ਜਿਸ ਕਰ ਕੇ ਭਾਜਪਾ ਨੂੰ ਹਰਿਆਣਾ ਦੇ ਲੋਕ ਮੋੜਵਾਂ ਜਵਾਬ ਦੇ ਰਹੇ ਹਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਵੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੁਝ ਨਹੀਂ ਕੀਤਾ ਹੈ, ਪਰ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਉਹ ਸੱਤਾ ਵਿੱਚ ਆਉਂਦੇ ਹੀ
ਪੂਰੇ ਕੀਤੇ ਜਾਣਗੇ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ), ਇਨੈਲੋ ਤੇ ਜੇਜੇਪੀ ਆਗੂਆਂ ਨੇ ਚੁੱਪ ਧਾਰ ਲਈ ਹੈ।