ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਦਰਸ਼ਨੀ
ਕੁਲਦੀਪ ਸਿੰਘ
ਨਵੀਂ ਦਿੱਲੀ, 20 ਅਕਤੂਬਰ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਾਨਕ ਪਿਆਉ ਦਿੱਲੀ ਵਿੱਚ ਸਕੂਲ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਵਾਈਸ ਚੇਅਰਮੈਨ ਰਮੀਤ ਸਿੰਘ ਚੱਢਾ ਅਤੇ ਪ੍ਰਿੰਸੀਪਲ ਜਸਵਿੰਦਰ ਕੌਰ ਭਾਟੀਆ ਦੇ ਮਾਰਗ-ਦਰਸ਼ਨ ਹੇਠ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸੁਝਾਅ, ਪੰਜਾਬੀ ਪੜ੍ਹਨ ਉਪਰੰਤ ਰੁਜ਼ਗਾਰ ਦੀਆਂ ਸੰਭਾਵਨਾਵਾਂ ਅਤੇ ਆਧੁਨਿਕ ਸਮੇਂ ਵਿੱਚ ਪੰਜਾਬੀ ਦੀ ਲੋੜ ਅਤੇ ਹੋਂਦ ਬਾਰੇ ਦਿਲ ਖਿੱਚਵੀਂ ਤਸਵੀਰਾਂ, ਕਾਰਜਸ਼ੀਲ-ਮਾਡਲ ਪ੍ਰਦਰਸ਼ਿਤ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਨੇ ਆਪਣਾ ਇੱਕ ਸੰਦੇਸ਼ ਟੀਵੀ ਦਾ ਸਟੇਸ਼ਨ ਬਣਾਇਆ ਅਤੇ ਪੰਜਾਬੀ ਜਗਤ ਦੀਆਂ ਖ਼ਬਰਾਂ ਪੜ੍ਹੀਆਂ। ਈ-ਅਖ਼ਬਾਰ ‘ਸੰਦੇਸ਼’ ਲਈ ਕਈ ਆਰਟੀਕਲ ਵੀ ਲਿਖੇ ਅਤੇ ਪ੍ਰਦਰਸ਼ਨੀ ਵੇਖਣ ਆਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਈ-ਅਖਬਾਰ ’ਚ ਆਪਣੀਆਂ ਰਚਨਾਵਾਂ ਛਪਵਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਆਪਣੀ ਬਣਾਈਆਂ ਪੀ.ਪੀ.ਟੀ. ਦੁਆਰਾ ਪੰਜਾਬੀ ਪੜ੍ਹਨ ਉਪਰੰਤ ਪ੍ਰਾਪਤ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਰੋਜ਼ਗਾਰਾਂ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ। ਦਿੱਲੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਮਾਣ ਦਿੱਤੇ ਹੋਣ ਬਾਰੇ ਵੀ ਦੱਸਿਆ। ਪੰਜਾਬੀ ਵਿਸ਼ਾ ਚੁਣ ਕੇ ਸਿਵਿਲ ਸੇਵਾਵਾਂ ਵਿੱਚ ਆਪਣਾ ਨਾਮਣਾ ਖੱਟਣ ਵਾਲੇ ਸਫ਼ਲ ਨੌਜਵਾਨਾਂ ਬਾਰੇ ਜਾਣਕਾਰੀ ਦੇ ਕੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੰਜਾਬੀ ਪੜ੍ਹਨ ਲਈ ਹੱਲਾਸ਼ੇਰੀ ਦਿੱਤੀ। ਪੰਜਾਬੀ ਪੜ੍ਹਨ ਦੇ ਨਾਲ-ਨਾਲ ਸਿੱਖੀ ਦੀ ਆਨ-ਬਾਨ-ਸ਼ਾਨ ਬਰਕਰਾਰ ਰੱਖਦੇ ਹੋਏ ਵਿਦਿਆਰਥੀਆਂ ਨੇ ਕਈ ਪ੍ਰਾਜੈਕਟ ਤਿਆਰ ਕੀਤੇ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਸਿੱਖ ਵਿਰਸੇ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਮਾਜਿਕ ਵਿਗਿਆਨ, ਵਰਕ. ਐਕਸ. (ਕਾਰਜ-ਸਿੱਖਿਆ), ਕਲਾ ਅਤੇ ਸ਼ਿਲਪ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਦੂਸ਼ਣ ਨੂੰ ਘਟਾਉਣ ਦਾ ਸੁਨੇਹਾ ਦੇਣ ਲਈ ਇੱਕ ਨੁੱਕੜ ਨਾਟਕ ਵੀ ਖੇਡਿਆ ਗਿਆ।