ਭੈਣੀ ਬਾਘਾ ’ਚ ਪਰਾਲੀ ਪ੍ਰਬੰਧਨ ਸਬੰਧੀ ਪ੍ਰਦਰਸ਼ਨੀ
ਪੱਤਰ ਪ੍ਰੇਰਕ
ਮਾਨਸਾ, 1 ਨਵੰਬਰ
ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪਿੰਡ ਭੈਣੀ ਬਾਘਾ ਵਿੱਚ ਕਣਕ ਦੀ ਬਿਜਾਈ ਲਈ ਸੁਪਰ ਸੀਡਰ ਤਕਨੀਕ ਰਾਹੀਂ ਪਰਾਲੀ ਪ੍ਰਬੰਧਨ ਸਬੰਧੀ ਪ੍ਰਦਰਸ਼ਨੀ ਲਾਈ ਗਈ।
ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਇਕਸਾਰ ਖਿਲਾਰਣ ਉਪਰੰਤ ਸੁਪਰ ਸੀਡਰ ਤਕਨੀਕ ਰਾਹੀਂ ਪਰਾਲੀ ਨੂੰ ਖੇਤ ਵਿੱਚ ਸੰਭਾਲਿਆ ਜਾ ਸਕਦਾ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਕਣਕ ਦੇ ਝਾੜ ਵਿੱਚ ਕੋਈ ਕਮੀ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਪਿੰਡ ਭੈਣੀਬਾਘਾ ਦੇ ਕਿਸਾਨ ਲਭਦੀਪ ਸਿੰਘ ਦੀ 4 ਏਕੜ ਜ਼ਮੀਨ ਉੱਪਰ ਪੀ.ਆਰ 126 ਕਿਸਮ ਦੀ ਕਟਾਈ ਉਪਰੰਤ ਪਰਾਲੀ ਨੂੰ ਬਿਨਾਂ ਅੱਗ ਲਗਾਈ ਕਣਕ ਦੀ ਬਿਜਾਈ ਇਸ ਵਾਰੀ ਸੁਪਰ ਸੀਡਰ ਤਕਨੀਕ ਨਾਲ ਕਰ ਰਹੇ ਹਨ। ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਡਾ. ਰਣਵੀਰ ਸਿੰਘ ਦੱਸਿਆ ਕਿ ਕਣਕ ਦੇ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਕਣਕ ਦੀ ਬਿਜਾਈ ਵਿਧੀ ਨਾਲ ਨਹੀਂ ਬਲਕਿ ਝੋਨੇ ਦੀ ਫ਼ਸਲ ਵਿੱਚ ਹੋਏ ਗੁਲਾਬੀ ਸੁੰਡੀ ਦੇ ਪੱਧਰ ’ਤੇ ਨਿਰਭਰ ਕਰਦਾ ਹੈ।