ਗੁਰੂ ਸਾਹਿਬਾਨ ਦੀਆਂ ਦੁਰਲੱਭ ਨਿਸ਼ਾਨੀਆਂ ਦੀ ਪ੍ਰਦਰਸ਼ਨੀ ਭਲਕੇ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਦਸੰਬਰ
ਭਾਈ ਵੀਰ ਸਿੰਘ ਦੇ 152ਵੇਂ ਜਨਮ ਦਿਵਸ ਮੌਕੇ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਰੂਪਾ ਪਿੰਡ ਦੇ ਪਰਿਵਾਰ ਕੋਲ ਗੁਰੂ ਸਾਹਿਬਾਂ ਦੀਆਂ ਬਖ਼ਸ਼ੀਆਂ ਪਵਿੱਤਰ ਨਿਸ਼ਾਨੀਆਂ ਦੇ ਸਵੇਰ 10 ਤੋਂ 12 ਵਜੇ ਤੱਕ ਦਰਸ਼ਨ ਕਰਵਾਏ ਜਾਣਗੇ। ਦੱਸਣਯੋਗ ਹੈ ਕਿ ਸਦਨ ਦੇ ਲਾਅਨ ਵਿੱਚ ਲੱਗਣ ਵਾਲੀ ਇਸ ਵਿਸ਼ੇਸ਼ ਪ੍ਰਦਰਸ਼ਨੀ ਵਿੱਚ ਭਾਈ ਰੂਪ ਚੰਦ ਦੇ ਪਰਿਵਾਰ ਨੂੰ ਬਖ਼ਸ਼ੀਆਂ ਗੁਰੂ ਸਾਹਿਬਾਨ ਦੀਆਂ ਦੁਰਲੱਭ ਨਿਸ਼ਾਨੀਆਂ ਸੁਸ਼ੋਭਿਤ ਕੀਤੀਆਂ ਜਾਣਗੀਆਂ। ਇਹ ਨਿਸ਼ਾਨੀਆਂ ਉਨ੍ਹਾਂ ਦੇ ਵੰਸ਼ਜਾਂ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਭਾਈ ਰੂਪਾ, ਬਠਿੰਡਾ ਵਿੱਚ ਸੁਰੱਖਿਅਤ ਰੱਖੀਆਂ ਗਈਆਂ ਹਨ। ਭਾਈ ਰੂਪ ਚੰਦ ਦਾ ਜਨਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖ਼ਸ਼ਿਸ਼ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਨਾਂ ਵੀ ਗੁਰੂ ਜੀ ਨੇ ਹੀ ਰੱਖਿਆ ਸੀ।
ਭਾਈ ਰੂਪ ਚੰਦ ਨੇ ਆਪਣਾ ਜੀਵਨ ਗੁਰੂਆਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਪਰਿਵਾਰ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਹੀ ਗੁਰੂਆਂ ਦੀ ਸੇਵਾ ਵਿੱਚ ਲੱਗਾ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਬੀਬੀ ਜੀਤੋ ਨਾਲ ਦੇ ਆਨੰਦ ਕਾਰਜ ਦੀ ਰਸਮ ਵੀ ਭਾਈ ਰੂਪਾ ਜੀ ਨੇ ਨਿਭਾਈ ਸੀ ਅਤੇ ਉਸ ਅਸਥਾਨ ’ਤੇ ਹੁਣ ਗੁਰਦੁਆਰਾ ਗੁਰੂ ਕਾ ਲਾਹੌਰ ਬਣਿਆ ਹੋਇਆ ਹੈ। ਭਾਈ ਰੂਪਾ ਦੇ ਪੂਰੇ ਪਰਿਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਪਾਨ ਕਰਵਾਇਆ ਸੀ। ਪਵਿੱਤਰ ਨਿਸ਼ਾਨੀਆਂ ਵਿਸ਼ੇਸ਼ ਪਾਲਕੀ ਵਿੱਚ ਸਜਾ ਕੇ 6 ਦਸੰਬਰ ਨੂੰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਵੀ ਦਰਸ਼ਨਾਂ ਲਈ ਰੱਖੀਆਂ ਜਾਣਗੀਆਂ।