ਭਾਰਤ ਕਾਮਯਾਬੀ ਦੀ ਮਿਸਾਲੀ ਕਹਾਣੀ: ਬਲਿੰਕਨ
ਦਾਵੋਸ, 17 ਜਨਵਰੀ
ਭਾਰਤ ਨੂੰ ‘ਕਾਮਯਾਬੀ ਦੀ ਮਿਸਾਲੀ ਕਹਾਣੀ’ ਕਰਾਰ ਦਿੰਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਪ੍ਰੋਗਰਾਮ ਭਾਰਤ ਦੇ ਲੋਕਾਂ ਲਈ ਬਹੁਤ ਲਾਹੇਵੰਦ ਰਹੇ ਹਨ। ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ) ਦੀ ਸਾਲਾਨਾ ਮੀਟਿੰਗ, 2024 ’ਚ ਇੱਥੇ ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ ਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਬਿਹਤਰੀਨ ਰਿਸ਼ਤੇ ਹਨ ਅਤੇ ਉਨ੍ਹਾਂ ਦੀ ਗੱਲਬਾਤ ’ਚ ਭਾਰਤ-ਅਮਰੀਕਾ ਦੇ ਰਿਸ਼ਤਿਆਂ ਸਮੇਤ ਸਾਰੇ ਪੱਖ ਸ਼ਾਮਲ ਹੁੰਦੇ ਹਨ। ਦੋਵਾਂ ਮੁਲਕਾਂ ਦੇ ਦੁਵੱਲੇ ਸਬੰਧਾਂ ’ਚ ਵਿਸਤਾਰ ਦੀ ਸ਼ਲਾਘਾ ਕਰਦਿਆਂ ਬਲਿੰਕਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਲਗਾਤਾਰ ਸੰਵਾਦ ’ਚ ਲੱਗੇ ਰਹਿੰਦੇ ਹਨ ਅਤੇ ਉਸ ਵਿੱਚ ਲੋਕਤੰਤਰ ਤੇ ਬੁਨਿਆਦੀ ਅਧਿਕਾਰਾਂ ਸਮੇਤ ਸਾਰੇ ਪਹਿਲੂ ਸ਼ਾਮਲ ਰਹਿੰਦੇ ਹਨ। ਉਨ੍ਹਾਂ ਕਿਹਾ, ‘ਸਾਡੇ ਦਰਮਿਆਨ ਜੋ ਹਮੇਸ਼ਾ ਅਸਲੀ ਗੱਲਬਾਤ ਹੁੰਦੀ ਹੈ, ਇਹ ਉਸੇ ਦਾ ਹਿੱਸਾ ਹੈ।’ ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਮੋਦੀ ਸਰਕਾਰ ਦੇ ਆਉਣ ਮਗਰੋਂ ਭਾਰਤ ਦੇ ਆਰਥਿਕ ਵਿਕਾਸ ਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਤੋਂ ਬਾਅਦ ਵੀ ਕੀ ਹਿੰਦੂ ਰਾਸ਼ਟਰਵਾਦ ਦੇਸ਼ ਲਈ ਫਿਕਰਮੰਦੀ ਦਾ ਵਿਸ਼ਾ ਹੈ। -ਪੀਟੀਆਈ