ਮਿਸਾਲੀ ਪੈੜਾਂ
ਬਲਜੀਤ ਸਿੰਘ ਗੁਰਮ
ਕਿੰਨੇ ਪਿਆਰੇ ਤੇ ਮਿਠਾਸ ਭਰੇ ਨੇ ਇਹ ਰਿਸ਼ਤੇ, ਮਾਮਾ, ਨਾਨਾ-ਨਾਨੀ, ਭੂਆ, ਫੁੱਫੜ, ਤਾਇਆ,ਚਾਚਾ..!, ਬੋਲਣ ਸੁਣਨ ਨੂੰ ਬੇਹੱਦ ਮਨਭਾਉਂਦੇ ਹਨ ਪਰ ਅਸਲ ਵਿੱਚ ਇਹ ਅਖੌਤੀ ਬਦਲਾਅ ਦੀ ਭੇਂਟ ਚੜ੍ਹਦਿਆਂ ਖਿੱਚ ਤੇ ਤਾਂਘ ਤੋਂ ਸੱਖਣੇ ਨੀਰਸ.. ਫਿੱਕੇ..ਫਰੋਜ਼ਨ ਭੋਜਨ ਦੀ ਤਰ੍ਹਾਂ ...ਨਿਭਾਉਣ ਖੁਣੋਂ ਨਵਾਂ ਰੂਪ ਅਖਤਿਆਰ ਕਰਦੇ ਜਾ ਰਹੇ ਹਨ, ਪੂਰਵਜਾਂ ਨੇ ਇਹ ਸਾਰੇ ਰਿਸ਼ਤੇ ਬਣਾਏ ਤੇ ਇਮਾਨਦਾਰੀ ਨਾਲ ਨਿਭਾਉਦਿਆਂ ਮਿਸਾਲੀ ਪੈੜਾਂ ਪਾਈਆਂ ਤਾਂ ਜੋ ਭਵਿੱਖ ਵਿੱਚ ਰਾਹ ਦਸੇਰੇ ਬਣ ਸਕਣ। ਅਜਿਹੀਆਂ ਹੀ ਪੈੜਾਂ ਪਿੰਡ ਸੁਲਤਾਨ ਪੁਰ ਦੀ ਜੰਮਪਲ ਭੂਆ ਬੇਬੇ ਨੰਦ ਕੌਰ, ਜੋ ਪਿੰਡ ਭੀਖੀ ਰਾੜਾ ਸਾਹਿਬ ਵਿਆਹੀ ਸੀ, ਨੇ ਰਿਸ਼ਤਿਆਂ ਦੀ ਸਮਾਜ ਵਿਚ ਅਹਿਮੀਅਤ ਨੂੰ ਦਰਸਾਉਂਦਿਆਂ ਪਾਈਆਂ। ਉਸ ਦਾ ਸਾਰਾ ਜੀਵਨ ਸਾਦਗੀ ਭਰਭੂਰ ਸੀ। ਗਹਿਣਾ ਗੱਟਾ ਉਸ ਨੂੰ ਘੱਟ ਹੀ ਪਸੰਦ ਸੀ, ਸਾਦਾ ਪਹਿਰਾਵਾ, ਜਿਸ ਵਿੱਚ ਪੈਰੀਂ ਧੌੜੀ ਦੀ ਸਾਦੀ ਪੰਜਾਬੀ ਜੁੱਤੀ ਤੇ ਹੱਥ ਵਿੱਚ ਤੂਤ ਦੀ ਮੋਢੇ ਤੀਕ ਲੰਬੀ ਸੋਟੀ ਲੈ ਕੇ ਵਿਚਰਨਾ ਉਸਦਾ ਇਕੋ ਇਕ ਸ਼ੌਕ ਸੀ। ਸੁਲਤਾਨ ਪੁਰ ਆਉਂਦੀ ਤਾਂ ਕੱਤਣ ਤੁੰਬਣ ਤੋਂ ਲੈ ਕੇ ਖੇਸੀਆਂ ਦੌਲਿਆਂ ਤੱਕ ਦਾ ਕੰਮ ਮੁਕਾ ਕੇ ਹੀ ਪਰਤਦੀ ਸੀ। ਭੂਆ ਚਾਰ ਕੁ ਦਹਾਕੇ ਪਹਿਲਾਂ ਲੰਬੀ ਉਮਰ ਭੋਗ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ।
ਪਚੱਨਵਿਆਂ ਨੂੰ ਢੁੱਕੀ ਸਾਡੀ ਆਪਣੀ ਬੇਬੇ ਅੱਜ ਵੀ ਕਿਸੇ ਘਰੇਲੂ ਕੱਠ ਮੱਠ ਦੌਰਾਨ ਉਸਦੇ ਜੀਵਨ ਕਾਲ ਦੀਆਂ ਬਾਤਾਂ ਪਾਉਂਦੀ ਹੈ, ਤਾਂ ਸਮਝ ਪੈਂਦਾ ਹੈ ਕਿ ਕਿੰਨੇ ਜ਼ਰੂਰੀ ਹਨ ਇਹ ਰਿਸ਼ਤੇ ਨਿਭਾਉਣੇ।
... ਪਰ ਹੇਠਲੀ ਗੱਲ ਵਿਸ਼ੇਸ਼ ਤੌਰ ’ਤੇ ਉਸ ਨੇ ਆਪਣੀ ਜ਼ੁਬਾਨੀ ਸਾਨੂੰ ਸੁਣਾਈ।
ਬੇਬੇ ਦੱਸਦੀ ਹੈ,‘‘ਭਾਈ ਥੋਡੀ ਭੂਆ ਬਹੁਤ ਚੰਗੀ ਤੀ, ਅਨਪੜ੍ਹ ਤੀ ਪਰ ਬਹੁਤ ਸੂਝ ਬੂਝ ਦੀ ਮਾਲਕ ਤੀ ਉਹ , ਪਿੰਡ ਆਲੇ ਤੇ ਹੋਰ ਸਾਰੇ ਰਿਸ਼ਤੇਦਾਰ ਬਹੁਤ ਸਤਿਕਾਰ ਕਰਦੇ ਤੀ ਉਹਦਾ ...ਸੰਨ ਸੰਤਾਲੀ ਦੇ ਹੱਲਿਆਂ ਦੀ ਗੱਲ ਐ.... , ਇੱਕ ਟਿਕੀ ਹੋਈ ਸਿਆਲਾਂ ਦੀ ਰਾਤ ਨੂੰ ਅਚਾਨਕ ਬੀਬੀ ਦੇ ਘਰ ਦਾ ਬੂਹਾ ਕਿਸੇ ਨੇ ਖੜਕਾ’ਤਾ, ਅੱਧੀ ਰਾਤ ਹੋ ਚੁੱਕੀ ਤੀ, ਥੋਡੀ ਭੂਆ ਡਰਦੀ ਭੋਰਾ ਵੀ ਨ੍ਹੀਂ ਤੀ ..ਉਹਨੇ ਦੀਵਾ ਡੰਗਿਆ ਤੇ ਡਾਂਗ ਲੈਕੇ ਵਿਹੜੇ ’ਚ ਆਗੀ. ...‘‘ਕੌਣ ਐ ਭਾਈ ਦਰਵਾਜ਼ੇ ਤੇ ਏਸ ਵੇਲੇ ..?,’’ਭੂਆ ਨੇ ਰੋਅਬ ਨਾਲ ਪੁੱਛਿਆ।‘‘ਮੈਂ ਉਮਦਾ ਆਂ ..ਬੀਬੀ. .ਕੁੰਡਾ ਖੋਲ੍ਹ...’’ ਉਮਦਾ ਨੇ ਕੰਬਦੀ ਹੋਈ ਹਲਕੀ ਆਵਾਜ਼ ਵਿਚ ਕਿਹਾ, ਜਿਸ ਨੂੰ ਭੂਆ ਨੇ ਪਛਾਣ ਲਿਆ। ਉਮਦਾ ਪਿੰਡ ਦੇ ਮਰਾਸੀਆਂ ਦੀ ਨੂੰਹ ਸੀ। ‘‘...ਹਾਏ ਨੀਂ ਕੀ ਹੋ ਗਿਆ ਤੈਨੂੰ ਏਸ ਵੇਲੇ ਅੱਧੀ ਰਾਤ ਨੂੰ. ..?’’ ਭੂਆ ਨੇ ਬਿਨਾਂ ਕੁੰਡਾ ਖੋਲ੍ਹਿਆਂ ਸਵਾਲ ਕੀਤਾ । ‘‘ਹਾੜੇ..ਬੀਬੀ ਖੋਲ੍ਹ ਦੇ ਕੁੰਡਾ ..ਮੈਂ ਕੱਲੀਓਂ ਈ ਆਂ..,’’ ਉਮਦਾ ਨੇ ਤਰਲਾ ਕੀਤਾ। ਭੂਆ ਨੇ ਦੀਵਾ ਪਰ੍ਹੇ ਰੱਖਦਿਆਂ ਫਾਟਕ ਦਾ ਇੱਕ ਪੱਲਾ ਖੋਲਦਿਆਂ ਉਮਦਾ ਨੂੰ ਅੰਦਰ ਆਉਣ ਲਈ ਕਿਹਾ। ਉਮਦਾ ਨੇ ਭੂਆ ਦੇ ਪੈਰ ਫੜ ਲਏ। ‘‘ ...ਨੀਂ..ਬੋਲੇਂਗੀ ਵੀ ਕੁਸ, ਉੱਠ ਖੜੀ ਹੋ..’’ ਭੂਆ ਨੇ ਸਹਾਰਾ ਦੇ ਕੇ ਉਠਾਉਂਦਿਆ ਕਿਹਾ।
‘‘ਬੀਬੀ ..ਕਹਿੰਦੇ ਨੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੱਢ-ਟੁੱਕ ਹੋਣ ਲੱਗ ਪਈ..ਅਸੀਂ ਸਾਰੇ ਟੱਬਰ ਆਲੇ ..ਲਾਹੌਰ ਵੱਲ ਨੂੰ ਚੱਲਣ ਲੱਗੇ ਆਂ, ਸਾਰਾ ਸਮਾਨ ਗੱਡੇ ’ਤੇ ਲੱਦ ਲਿਆ. ..’’ ਉਮਦਾ ਦੇ ਬੋਲਾਂ ਵਿੱਚ ਕੰਬਣੀ ਸੀ ਤੇ ਉਹ ਬਹੁਤ ਡਰੀ ਹੋਈ ਸੀ। ‘‘...ਕੁੜੇ ਡਰ ਨਾ..ਐਥੇ ਕੋਈ ਤੇਰੀ ’ਵਾ.. ਵੱਲ ਵੀ ਨ੍ਹੀਂ ਝਾਕ ਸਕਦਾ।’’ ਭੂਆ ਨੇ ਹੌਸਲਾ ਦਿੰਦਿਆਂ ਕਿਹਾ।
ਕੱਪੜੇ ਵਿੱਚ ਲਿਪਟਿਆ ਇੱਕ ਟੀਨ ਦਾ ਡੱਬਾ ਉਮਦਾ ਨੇ ਭੂਆ ਵੱਲ ਵਧਾ ਦਿੱਤਾ। ‘‘..ਏਹਦੇ ਵਿੱਚ ਸਾਡੇ ਸਾਰੇ ਟੱਬਰ ਦੀ ਟੂਮ ਟਾਕੀ ਐ ਬੀਬੀ. ..ਤੂੰ ਆਪਣੇ ਕੋਲ ਰੱਖ ਲੈ, ..ਜੇ ਜਿਊਂਦੇ ਰਹਿਗੇ ਤਾਂ ਆ ਕੇ ਲੈਜਾਂਗੇ ..ਨਹੀਂ ਤਾਂ ....!’’ ਭੂਆ ਨਾਂਹ-ਨੁੱਕਰ ਕਰਨ ਲੱਗੀ।‘‘ਹਾੜੇ ਨੀ ਬੀਬੀ ਨਾਂਹ ਨਾ ਕਰ..’’, ਉਮਦਾ ਨੇ ਪੈਰਾਂ ਵੱਲ ਝੁਕਦਿਆਂ ਮੁੜ ਤਰਲਾ ਕੀਤਾ। ਭੂਆ ਨੂੰ ਤਰਸ ਆ ਗਿਆ। ਉਸ ਨੇ ਕੱਪੜੇ ਵਿੱਚ ਲਿਪਟਿਆ ਡੱਬਾ ਆਪਣੇ ਹੱਥ ਫੜ ਲਿਆ। ਉਮਦਾ ਨੇ ਲੰਬਾ ਸਾਹ ਲਿਆ ਤੇ ਮੁੜ ਪੈਰੀਂ ਹੱਥ ਲਾ ਕੇ ਕਾਹਲੀ ਨਾਲ ਬੂਹੇ ਤੋਂ ਬਾਹਰ ਹੋ ਗਈ।
ਕਈ ਸਾਲ ਬੀਤ ਗਏ, ਅਮਨ ਅਮਾਨ ਹੋ ਗਿਆ। ਇੱਕ ਦਿਨ ਅਚਨਚੇਤ ਸਵੇਰ ਵੇਲੇ ਉਮਦਾ, ਭੂਆ ਦੇ ਘਰ ਵਿਹੜੇ ਆ ਵੜੀ,‘‘..ਬੀਬੀ ਮੱਥਾ ਟੇਕਦੀਆਂ।’’ ਉਮਦਾ ਨੇ ਦੁੱਧ ਰਿੜਕ ਰਹੀ ਭੂਆ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ। ‘‘...ਕੁੜੇ ਆਗੀ ਤੂੰ ਭਾਈ. . ਸ਼ੁਕਰ ਐ ਰੱਬ ਦਾ ...!’’ ਭੂਆ ਨੇ ਮਧਾਣੀ ਰੋਕਦਿਆਂ ਨੇੜੇ ਪਈ ਪੀਹੜੀ ਉਹਦੇ ਵੱਲ ਵਧਾ ਦਿੱਤੀ, ਸਾਰੇ ਘਰ ਪਰਿਵਾਰ ਦਾ ਹਾਲ-ਚਾਲ ਪੁੱਛਣ ਉਪਰੰਤ ਉਸ ਨੂੰ ਚਾਹ ਪਾਣੀ ਦਿੱਤਾ। ਉਮਦਾ ਕਾਫੀ ਦੇਰ ਨਵੇਂ ਵਤਨ ਦੀਆਂ ਗੱਲਾਂ ਭੂਆ ਨਾਲ ਕਰਦੀ ਰਹੀ। ਸੂਰਜ ਦੀ ਸੁਨਹਿਰੀ ਧੁੱਪ ਵਿਹੜੇ ਵਿੱਚ ਪੱਸਰ ਚੁੱਕੀ ਸੀ। ਬੀਹੀ ਵਿਚੋਂ ਪਿੰਡ ਦੇ ਮਾਲ ਡੰਗਰ ਦੇ ਆਉਣ ਜਾਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਸਨ। ਭੂਆ ਕਾਹਲੀ ਨਾਲ ਅੰਦਰ ਸੰਦੂਕ ਵੱਲ ਗਈ, ਵਾਪਸ ਮੁੜਦਿਆਂ ਕੱਪੜੇ ਵਿੱਚ ਲਿਪਟਿਆ ਡੱਬਾ ਉਸਦੇ ਹੱਥਾਂ ਵਿੱਚ ਸੀ, ‘‘..ਲੈ ਕੁੜੇ..ਸਾਂਭ ਆਪਣੀ ਅਮਾਨਤ. ..ਸ਼ੁਕਰ ਐ ਰੱਬ ਦਾ ਬੋਝ ਲਹਿ ਗਿਆ,’’ ਕਹਿੰਦੀ ਹੋਈ ਭੂਆ ਨੇ ਡੱਬਾ ਉਮਦਾ ਦੇ ਹੱਥਾਂ ਵਿੱਚ ਦੇ ਦਿੱਤਾ ਤੇ ਦੋਵੇਂ ਹੱਥ ਜੋੜ ਗੁਰਦੁਆਰੇ ਵੱਲ ਮੱਥਾ ਟੇਕਦਿਆਂ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਦਿੱਤੀ ਹਿੰਮਤ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ। ‘‘ਬੀਬੀ, ਮੈ ਤਾਂ ਕਹਿਨੀਆਂ ਏਹਨੂੰ.. ਤੂੰ ਈ ਰੱਖ ਲੈ. ..! ਚੁੱਪ ਕਰ ਨੀਂ....! ਸਵੈਮਾਨੀ ਭੂਆ ਨੇ ਵਿਚਕਾਰੋਂ ਹੀ ਟੋਕਦਿਆਂ ਗੁੱਸਾ ਦਿਖਾਉਂਦਿਆਂ ਕਿਹਾ, ‘‘ਡੱਬਾ ਫੜ ਤੇ ਡੰਡੀ ਲੱਗ, ..ਸੂਰਜ ਸਿਰ ’ਤੇ ਆਇਆ ਖੜ੍ਹਾ..ਮੈਂ ਹੋਰ ਕੰਮ ਧੰਦਾ ਵੀ ਕਰਨੈ,.. ਬਾਹਰਲੇ ਘਰ ਡੰਗਰ ਰੱਸੇ ਤੁੜਾਉਂਦੇ ਹੋਣੇ ਨੇ..।’’ ਉਮਦਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜੋ ਭੂਆ ਦੀਆਂ ਮਿਸਾਲੀ ਪੈੜਾਂ ਦੀ ਸ਼ਾਹਦੀ ਭਰ ਰਹੇ ਸਨ, ਜਿਹਨਾਂ ਨੂੰ ਉਮਦਾ ਆਪਣੇ ਸੀਨੇ ਵਿੱਚ ਸਮੋ ਕੇ ਬੀਹੀ ਵਿੱਚ ਅਲੋਪ ਹੋ ਗਈ।