ਮੁੱਖ ਮੰਤਰੀ ਕੋਲ ਕਾਰਜਸਾਧਕ ਅਫ਼ਸਰ ਦੀ ਸ਼ਿਕਾਇਤ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 19 ਸਤੰਬਰ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੁਰਪ੍ਰੀਤ ਸਿੰਘ ਧਮੋਲੀ ਨੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਰਾਜਪੁਰਾ ਦੀ ਇੱਕ ਲਿਖਤੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਕੇ ਉਨ੍ਹਾਂ ਦੀ ਇੱਥੋਂ ਬਦਲੀ ਕਰਨ ਦੀ ਮੰਗ ਕੀਤੀ ਹੈ। ਆਪਣੇ ਸ਼ਿਕਾਇਤ ਪੱਤਰ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਕਾਰਜਸਾਧਕ ਅਫ਼ਸਰ ਆਪਣੇ ਦਫ਼ਤਰ ਵਿੱਚ ਬੈਠਣ ਦੀ ਬਜਾਇ ਜ਼ਿਆਦਾਤਰ ਆਪਣੀ ਰਿਹਾਇਸ਼ ’ਤੇ ਹੀ ਰਹਿੰਦੇ ਹਨ।
ਉਨ੍ਹਾਂ ਦੋਸ਼ ਲਾਇਆ ਉਹ ਦਫ਼ਤਰ ਵਿੱਚ ਆਪਣੀ ਸੀਟ ਉਪਰ ਕਦੇ-ਕਦਾਈਂ ਹੀ ਮਿਲਦੇ ਹਨ ਤੇ ਜਦੋਂ ਉਨ੍ਹਾਂ ਕੋਲ ਆਮ ਵਿਅਕਤੀ ਕੋਈ ਫ਼ਰਿਆਦ ਲੈ ਕੇ ਜਾਂਦਾ ਹੈ ਤਾਂ ਗੱਲ ਨਹੀਂ ਸੁਣੀ ਜਾਂਦੀ। ਉਨ੍ਹਾਂ ਦੋਸ਼ ਲਾਇਆ ਕਿ ਰਾਜਪੁਰਾ ਸ਼ਹਿਰ ਵਿੱਚ ਵੱਡੇ ਅਦਾਰਿਆਂ ਅਤੇ ਧਨਾਢ ਵਿਅਕਤੀਆਂ ਵੱਲੋਂ ਨਾਜਾਇਜ਼ ਉਸਾਰੀਆਂ ਕੀਤੀਆਂ ਗਈਆਂ ਹਨ ਜਿਸ ਸਬੰਧੀ ਉਨ੍ਹਾਂ ਵੱਲੋਂ ਪੁਖ਼ਤਾ ਸਬੂਤ ਦੇਣ ਦੇ ਬਾਵਜੂਦ ਵੀ ਈ.ਓ. ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੋਈ ਗ਼ਰੀਬ ਵਿਅਕਤੀ ਅੱਧਾ ਫੁੱਟ ਵੀ ਦੁਕਾਨ ਦੇ ਮੂਹਰੇ ਕਬਜ਼ਾ ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਐਕਸ਼ਨ ਲਿਆ ਜਾਂਦਾ ਹੈ ਜਦੋਂਕਿ ਅਮੀਰ ਲੋਕਾਂ ਨੂੰ ਈ.ਓ. ਨੇ ਖੁੱਲ੍ਹੀ ਛੋਟ ਦੇ ਰੱਖੀ ਹੈ। ਈਓ ਅਵਤਾਰ ਚੰਦ ਨੇ ਸ਼ਿਕਾਇਤਕਰਤਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸ਼ਹਿਰ ਵਿੱਚ ਕਿਸੇ ਜਗ੍ਹਾ ’ਤੇ ਹੋਇਆ ਕਬਜ਼ਾ ਦਿਖਾ ਦੇਣ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਦਫ਼ਤਰ ਤਾਇਨਾਤ ਰਹਿੰਦੇ ਹਨ ਅਤੇ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।