ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ
ਨਵੀਂ ਦਿੱਲੀ, 7 ਅਪਰੈਲ
ਸਰਕਾਰ ਵੱਲੋਂ ਜਾਰੀ ਇਕ ਅਧਿਕਾਰਤ ਹੁਕਮ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਹੁਕਮਾਂ ਅਨੁਸਾਰ ਕਿਹਾ ਗਿਆ ਹੈ ਕਿ ਪੈਟਰੋਲ ’ਤੇ ਐਕਸਾਈਜ਼ ਡਿਊਟੀ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 10 ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ ਆਦੇਸ਼ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਸਦਾ ਪਰਚੂਨ ਕੀਮਤਾਂ 'ਤੇ ਕੀ ਪ੍ਰਭਾਵ ਪਵੇਗਾ, ਉਦਯੋਗ ਸੂਤਰਾਂ ਨੇ ਕਿਹਾ ਕਿ ਪ੍ਰਚੂਨ ਕੀਮਤਾਂ ਵਿੱਚ ਬਦਲਾਅ ਦੀ ਸੰਭਾਵਨਾ ਨਹੀਂ ਹੈ। ਵਧੀ ਹੋਈ ਐਕਸਾਈਜ਼ ਡਿਊਟੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦੇ ਵਿਰੁੱਧ ਐਡਜਸਟ ਕੀਤੇ ਜਾਣ ਦੀ ਸੰਭਾਵਨਾ ਹੈ ਜੋ ਅੰਤਰਰਾਸ਼ਟਰੀ ਤੇਲ ਕੀਮਤਾਂ ਵਿਚ ਗਿਰਾਵਟ ਕਾਰਨ ਜ਼ਰੂਰੀ ਸੀ। -ਪੀਟੀਆਈ
ਐਕਸਾਈਜ਼ ਡਿਊਟੀ ਵਧਾਉਣ ਦਾ ਫੈਸਲਾ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਂਗ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪੈਟਰੋਲ ਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਵਿਚ ਵਾਧੇ ਨੂੰ ਲੈ ਕੇ ਸਰਕਾਰ ਨੂੰ ਜਮ ਕੇ ਭੰਡਿਆ ਹੈ। ਕਾਂਗਰਸ ਨੇ ਕਿਹਾ ਕਿ ਸ਼ੇਅਰ ਬਾਜ਼ਾਰ ਮੂਧੇ ਮੂੰਹ ਹੋਣ ਕਰਕੇ ਨਿਵੇਸ਼ਕਾਂ ਨੂੰ ਪਏ ਵੱਡੇ ਘਾਟੇ ਤੋਂ ਸ਼ਾਇਦ ਸਰਕਾਰ ਦੀ ‘ਤਸੱਲੀ ਨਹੀਂ ਹੋਈ’ ਤੇ ਇਹੀ ਵਜ੍ਹਾ ਹੈ ਕਿ ਹੁਣ ਐਕਸਾਈਜ਼ ਡਿਊਟੀ ਵਿਚ ਵਾਧੇ ਨਾਲ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਹਿੰਦੀ ਵਿਚ ਇਕ ਪੋਸਟ ਵਿਚ ਕਿਹਾ, ‘‘ਵਾਹ ਮੋਦੀ ਜੀ ਵਾਹ!! ਮਈ 2014 ਦੇ ਮੁਕਾਬਲੇ ਕੌਮਾਂਤਰੀ ਕੱਚੇ ਤੇਲ ਦੀ ਕੀਮਤ ਵਿਚ 41% ਦਾ ਨਿਘਾਰ ਆਇਆ ਹੈ, ਪਰ ਤੁਹਾਡੀ ਲੁਟੇਰੀ ਸਰਕਾਰ ਨੇ ਪੈਟਰੋਲ-ਡੀਜ਼ਲ ਦੇ ਭਾਅ ਘੱਟ ਕਰਨ ਦੀ ਥਾਂ ਦੋ ਦੋ ਰੁਪਏ ਕੇਂਦਰੀ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ। ਟੈਰਿਫ ਨੀਤੀ ਉੱਤੇ ਕੁੰਭਕਰਨੀ ਨੀਂਦ ਤੋਂ ਸ਼ੇਅਰ ਬਾਜ਼ਾਰ ਵਿਚ ਛੋਟੇ ਵੱਡੇ ਨਿਵੇਸ਼ਕਾਂ ਦਾ ਇਕ ਝਟਕੇ ਵਿਚ 19 ਲੱਖ ਕਰੋੜ ਸੁਆਹ ਹੋਣ ਨਾਲ ਤੁਹਾਨੂੰ ਚੈਨ ਨਹੀਂ ਮਿਲਿਆ ਹੋਵੇਗਾ, ਇਸ ਲਈ ਤੁਹਾਡੀ ਸਰਕਾਰ ਜ਼ਖ਼ਮਾਂ ’ਤੇ ਲੂਣ ਛਿੜਕਣ ਆ ਗਈ।’’ -ਪੀਟੀਆਈ