ਸ਼ਰਾਬ ਠੇਕੇਦਾਰਾਂ ਦੀਆਂ ਮਨਮਾਨੀਆਂ ਅੱਗੇ ਆਬਕਾਰੀ ਵਿਭਾਗ ਬੇਵੱਸ!
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 9 ਜੂਨ
ਸਰਕਲ ਗੋਇੰਦਵਾਲ, ਫਤਿਆਬਾਦ, ਖਡੂਰ ਸਾਹਿਬ ਨਾਲ ਸਬੰਧਤ ਸ਼ਰਾਬ ਠੇਕੇਦਾਰਾਂ ਦੀਆਂ ਮਨਮਾਨੀਆਂ ਅੱਗੇ ਆਬਕਾਰੀ ਵਿਭਾਗ ਨੇ ਗੋਡੇ ਟੇਕੇ ਜਾਪਦੇ ਹਨ। ਇੱਥੋਂ ਦੇ ਸ਼ਰਾਬ ਠੇਕੇਦਾਰ ਕਥਿਤ ਤੌਰ ’ਤੇ ਸਰਕਾਰ ਅਤੇ ਆਬਕਾਰੀ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਮ ਲੋਕਾਂ ਦੀ ਲੁੱਟ ਕਰ ਰਹੇ ਹਨ। ਜਾਣਕਾਰੀ ਅਨੁਸਾਰ ਮਨਮਰਜ਼ੀ ਦੇ ਰੇਟ ਵਸੂਲਣ ਤੋਂ ਇਲਾਵਾ ਆਬਕਾਰੀ ਵਿਭਾਗ ਦੇ ਨਿਯਮਾਂ ਨੂੰ ਦਰਕਿਨਾਰ ਕਰਕੇ ਗਲਾਸੀ ਸਿਸਟਮ ਨਾਲ ਸ਼ਰਾਬ ਵੇਚੀ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆ ਸੁਲੱਖਣ ਸਿੰਘ ਤੁੜ ਨੇ ਆਖਿਆ ਕਿ ਪੰਜਾਬ ਸਰਕਾਰ ਜਿੱਥੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰ ਰਹੀ ਹੈ। ਉੱਥੇ ਹੀ ਸ਼ਰਾਬ ਠੇਕੇਦਾਰ ਪਿੰਡ-ਪਿੰਡ ਸ਼ਰਾਬ ਦੀਆਂ ਨਜਾਇਜ਼ ਬ੍ਰਾਂਚਾਂ ਖੋਲ੍ਹ ਕੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਮੁੰਹ ਚਿੜਾ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਬ ਠੇਕੇਦਾਰ ਸਰਕਾਰ ਦੀ ਸ਼ਹਿ ਤੇ ਆਮ ਲੋਕਾਂ ਕੋਲੋ ਮਨਮਰਜ਼ੀ ਦੇ ਰੇਟ ਵਸੂਲ ਕਰਕੇ ਅੰਨ੍ਹੇਵਾਹ ਲੁੱਟ ਕਰ ਰਹੇ ਹਨ। ਦੂਜੇ ਪਾਸੇ ਆਬਕਾਰੀ ਵਿਭਾਗ ਦੇ ਅਧਿਕਾਰੀ ਮੂਕ ਦਰਸ਼ਕ ਬਣ ਦੇਖ ਰਹੇ ਹਨ।
ਇਕ ਠੇਕੇ ਤੇ ਮੌਜੂਦ ਜਸਬੀਰ ਸਿੰਘ, ਪਲਵਿੰਦਰ ਸਿੰਘ, ਸਕੱਤਰ ਸਿੰਘ ਆਦਿ ਨੇ ਆਖਿਆ ਕਿ ਜਿੱਥੇ ਸ਼ਰਾਬ ਠੇਕੇਦਾਰ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ, ਉੱਥੇ ਹੀ ਠੇਕਿਆ ਤੇ ਤਾਇਨਾਤ ਕਰਿੰਦੇ ਅਕਸਰ ਹੀ ਵੱਧ ਰੇਟ ਵਸੂਲ ਬਾਰੇ ਕਹਿਣ ’ਤੇ ਗਾਹਕ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਇਨ੍ਹਾਂ ਖ਼ਿਲਾਫ਼ ਸਰਕਾਰ ਅਤੇ ਜ਼ਿੰਮੇਵਾਰ ਆਬਕਾਰੀ ਵਿਭਾਗ ਦੇ ਅਧਿਕਾਰੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਸ਼ਿਕਾਇਤ ਮਿਲਣ ’ਤੇ ਕੀਤੀ ਜਾਵੇਗੀ ਕਾਰਵਾਈ- ਡੀਸੀ
ਇਸ ਸਬੰਧੀ ਜ਼ਿਲ੍ਹੇ ਦੇ ਈਟੀਓ ਇੰਦਰਜੀਤ ਸਿੰਘ ਸਰਾਜ ਅਤੇ ਸਬੰਧਤ ਐਕਸਾਇਜ਼ ਇੰਸਪੈਕਟਰ ਰਾਮ ਮੂਰਤੀ ਨੇ ਫੋਨ ’ਤੇ ਆਪਣਾ ਪੱਖ ਦੇਣਾ ਜਰੂਰੀ ਨਹੀ ਸਮਝਿਆ। ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਆਖਿਆ ਕਿ ਜ਼ਿਲ੍ਹੇ ਭਰ ਦੇ ਸ਼ਰਾਬ ਠੇਕੇਦਾਰਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਰੇਟਾਂ ਤੇ ਸ਼ਰਾਬ ਵੇਚਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਜੇ ਸ਼ਰਾਬ ਠੇਕੇਦਾਰ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ ਤਾਂ ਸ਼ਿਕਾਇਤ ਆਉਣ ਤੇ ਕਾਰਵਾਈ ਹੋਵੇਗੀ।
ਉਨ੍ਹਾਂ ਕਿਹਾ ਅੱਗੇ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਤੋਂ ਆਮ ਲੋਕਾਂ ਅਤੇ ਮੀਡੀਆ ਕਰਮੀਆਂ ਦੇ ਫੋਨ ਨਾ ਚੁੱਕਣ ਬਾਰੇ ਰਿਪੋਰਟ ਲਈ ਜਾਵੇਗੀ। ਅਤੇ ਪਿੰਡ ਪੱਧਰ ਤੇ ਖੁਲ੍ਹੀਆਂ ਬ੍ਰਾਂਚਾਂ ਦੀ ਜਾਂਚ ਵੀ ਕੀਤੀ ਜਾਵੇਗੀ।