ਆਜ਼ਾਦੀ ਦਿਹਾੜੇ ਮੌਕੇ ਸਰਹੱਦ ’ਤੇ ਮਠਿਆਈ ਦਾ ਆਦਾਨ-ਪ੍ਰਦਾਨ
ਦਿਲਬਾਗ ਸਿੰਘ ਗਿੱਲ
ਅਟਾਰੀ, 14 ਅਗਸਤ
ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ਵਿੱਚ ਅੱਜ ਪਾਕਿਸਤਾਨ ਰੇਂਜਰਾਂ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਇੱਕ-ਦੂਜੇ ਨੂੰ ਮਠਿਆਈਆਂ ਵੰਡੀਆਂ। ਸੀਮਾ ਸੁਰੱਖਿਆ ਬਲ ਵੱਲੋਂ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਵੀ ਪਾਕਿਸਤਾਨੀ ਰੇਂਜਰਾਂ ਨੂੰ ਮਠਿਆਈ ਭੇਟ ਕੀਤੀ ਜਾਵੇਗੀ। ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਹਸਨ ਨੇ ਅਟਾਰੀ-ਵਾਹਗਾ ਸਰਹੱਦ ’ਤੇ ਬੀਐੱਸਐੱਫ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਏਕੇ ਮਿਸ਼ਰਾ ਨੂੰ ਮਠਿਆਈ ਦੇ ਡੱਬੇ ਭੇਟ ਕਰ ਕੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸੇ ਤਰ੍ਹਾਂ ਪਾਕਿਸਤਾਨ ਰੇਂਜਰ ਲੈਫਟੀਨੈਂਟ ਕਰਨਲ ਆਜ਼ਮ ਨੇ ਬੀਐੱਸਐੱਫ ਕਮਾਂਡੈਂਟ ਏਕੇ ਮਿਸ਼ਰਾ ਨੂੰ ਡੱਬੇ ਭੇਟ ਕੀਤੇ। ਸੀਮਾ ਸੁਰੱਖਿਆ ਬਲ ਦੀਆਂ ਪਰੰਪਰਾਵਾਂ ਅਨੁਸਾਰ ਦੇਸ਼ ਦੇ ਇਤਿਹਾਸਕ ਮੌਕਿਆਂ ’ਤੇ ਦੇਸ਼ ਦੀ ਸੁਰੱਖਿਆ ਕਰਨ ਵਾਲੇ ਜਵਾਨ ਇੱਕ-ਦੂਜੇ ਨੂੰ ਮਠਿਆਈ ਭੇਟ ਕਰਦੇ ਹਨ। ਇਹ ਖਾਸ ਮੌਕੇ ਸਰਹੱਦ ’ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ’ਚ ਅਹਿਮ ਯੋਗਦਾਨ ਦਿੰਦੇ ਹਨ। ਇਸੇ ਕੜੀ ਵਜੋਂ ਅੱਜ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨੀ ਰੇਂਜਰਾਂ ਨੇ ਅਟਾਰੀ ਸਰਹੱਦ ’ਤੇ ਮਠਿਆਈ ਭੇਟ ਕੀਤੀ ਹੈ।