ਸਮਰ ਕੈਂਪ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 26 ਜੂਨ
ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਲੱਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿੱਚ ਚਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਤਹਿਤ 30ਵੇਂ ਯੂਨੀਵਰਸਲ ਵਿਰਾਸਤੀ ਸਮਰ ਕੈਂਪ ਫ਼ੋਕਲੋਰ ਫਰੇਟਰਨਿਟੀ ਫੈਡਰੇਸ਼ਨ ਪੰਜਾਬ ਅਤੇ ਕੈਫੇ ਸਿਕਸਟੀ ਸੈਵਨ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਵੀਹ ਦਿਨ ਚੱਲੇ ਇਸ ਕੈਂਪ ਦੀ ਸਮਾਪਤੀ ਮੌਕੇ ਬੱਚਿਆਂ ਨੇ ਗਾਇਕੀ, ਨਾਟਕ, ਗੱਤਕਾ, ਯੋਗਾ, ਮਲਵਈ ਗਿੱਧਾ ਦੇ ਰੰਗਾਂ ਤੋਂ ਇਲਾਵਾ ਵਿਰਾਸਤੀ ਤੇ ਸੱਭਿਆਚਾਰਕ ਲੋਕ ਨਾਚਾਂ ਦੀ ਪੇਸ਼ਕਾਰੀ ਕਰਕੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਕੰਵਰਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਗਾਇਕ ਗੁਰਕਿਰਪਾਲ ਸੂਰਾਪੁਰੀ ਤੇ ਪੰਜਾਬੀ ਫਿਲਮ ਅਦਾਕਾਰ ਬਨਿੰਦਰ ਬੰਨ੍ਹੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਚ ਸੰਚਾਲਨ ਇਸ਼ਾਨ ਅਤੇ ਕਰਮਜੀਤ ਸਿੰਘ ਬੱਗਾ ਵਲੋਂ ਕੀਤਾ ਗਿਆ।
ਇਸ ਮੌਕੇ ਨਰਿੰਦਰ ਕੌਰ ਵਲੋਂ ਨਸ਼ਿਆਂ ਖਿਲਾਫ਼ ਲਿਖੀ ਜਾਗੋ, ਰੁਪਿੰਦਰ ਕੌਰ ਵੱਲੋਂ ਤਿਆਰ ਕਰਵਾਏ ਯੋਗ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਵੱਲੋਂ ਜਥੇਦਾਰ ਗੁਰਪ੍ਰੀਤ ਸਿੰਘ ਖ਼ਾਲਸਾ ਦੀ ਸਰਪ੍ਰਸਤੀ ਹੇਠ ਬੱਚਿਆਂ ਵੱਲੋਂ ਵਿਰਾਸਤੀ ਤੇ ਜੁਝਾਰੂ ਖੇਡ ਗੱਤਕਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਸੁਖਬੀਰ ਪਾਲ ਕੌਰ ਵਲੋਂ ਨਿਰਦੇਸ਼ਿਤ ਗਿੱਧਾ, ਗੈਰੀ ਗਿੱਲ ਵੱਲੋਂ ਤਿਆਰ ਭੰਗੜਾ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਮੈਡਮ ਨਰਿੰਦਰ ਕੌਰ ਨੂੰ ਵਧੀਆ ਅਧਿਆਪਕਾ ਤੇ ਮੋਟੀਵੇਸ਼ਨ ਖੇਤਰ ਵਿੱਚ ਅਤੇ ਨਾਟਕ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਨਿਰਦੇਸ਼ਿਕਾ ਸੰਗੀਤਾ ਗੁਪਤਾ ਦਾ ਸਨਮਾਨ ਵੀ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ ਨੇ ਧੰਨਵਾਦ ਕੀਤਾ। ਬੱਚਿਆਂ ਨੂੰ ਸਰਟੀਫਿਕੇਟ ਤੇ ਪੰਜਾਬੀ 35 ਅੱਖਰੀ ਗੁਰਮੁਖੀ ਪਲੇਟ ਦੇ ਨਾਲ-ਨਾਲ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।