ਵਿਰਾਸਤੀ ਮੇਲੇ ’ਚ ਖ਼ਾਲਸਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 10 ਅਕਤੂਬਰ
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਹੁਸ਼ਿਆਰਪੁਰ ਵਿਖੇ ਹੋਏ ਖੇਤਰੀ ਯੁਵਕ ਤੇ ਵਿਰਾਸਤ ਮੇਲੇ ਵਿਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਦੇ ਕਾਰਜਕਾਰੀ ਪ੍ਰਿੰ ਲਖਵਿੰਦਰਜੀਤ ਕੌਰ ਨੇ ਦੱਸਿਆ ਕਿ ਯੁਵਕ ਤੇ ਵਿਰਾਸਤ ਮੇਲੇ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਕੁੱਲ 31 ਇਨਾਮ ਹਾਸਿਲ ਕਰਕੇ ਮੇਲੇ ਵਿਚ ਓਵਰਆਲ ਤੀਜਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਲੇਖ ਲਿਖਣ, ਸਮੂਹ ਗਾਇਣ, ਗਜ਼ਲ, ਫੋਕ ਆਰਕੈਸਟਰਾ ਅਤੇ ਹੈਰੀਟੇਜ ਕੁਇਜ਼ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਸ਼ਬਦ, ਵਾਰ, ਕਵਿਸ਼ਰੀ, ਮਮਿਕਰੀ, ਫੋਟੋਗ੍ਰਾਫੀ, ਫੌਕ ਇੰਸਟਰੂਮੈਂਟ ਤੇ ਪੋਸਟਰ ਮੇਕਿੰਗ ਵਿਚ ਦੂਜਾ ਸਥਾਨ ਹਾਸਿਲ ਕੀਤਾ ਹੈ। ਪ੍ਰੋ. ਲਖਵਿੰਦਰਜੀਤ ਕੌਰ ਨੇ ਦੱਸਿਆ ਕਿ ਵਿਅਕਤੀਗਤ ਇਨਾਮਾਂ ਵਿਚ 2 ਪਹਿਲੇ, 3 ਦੂਜੇ ਅਤੇ 3 ਤੀਜੇ ਸਥਾਨ ਹਾਸਿਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸ਼ਬਦ ਵਿਚ ਕੌਸ਼ਲ ਕੁਮਾਰ ਰਾਣਾ ਨੇ ਵਿਅਕਤੀਗਤ ਪਹਿਲਾ, ਫੌਕ ਆਰਸੈਕਸਟਰਾ ਵਿਚ ਸ਼ੁਭਾਸ਼ ਚੰਦਰ ਨੇ ਪਹਿਲਾ ਸਥਾਨ ਹਾਸਿਲ ਕੀਤਾ।