ਯੂਪੀ ’ਚ ਕਾਂਗਰਸ ਦਾ ਸ਼ਾਨਦਾਰ ਪ੍ਰਦਰਸ਼ਨ
ਲਖਨਊ, 4 ਜੂਨ
ਉੱਤਰ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸਿਆਸੀ ਜ਼ਮੀਨ ਤਲਾਸ਼ ਰਹੀ ਕਾਂਗਰਸ ਲਈ ਮੌਜੂਦਾ ਲੋਕ ਸਭਾ ਚੋਣਾਂ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਸਨ। ਕਾਂਗਰਸ ਸੂਬੇ ਵਿੱਚ 17 ਵਿੱਚੋਂ ਛੇ ਸੀਟਾਂ ’ਚੁੱਕੀ ਹੈ। ਸਾਲ 2019 ਵਿੱਚ ਹੋਈਆਂ ਪਿਛਲੀਆਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਪੀ ਵਿੱਚ ਆਪਣਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਾਂਗਰਸ ਨੇ ਇਸ ਵਾਰ ਆਮ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਸੂਬੇ ਦੀਆਂ 80 ਵਿੱਚੋਂ 17 ਸੀਟਾਂ ’ਤੇ ਚੋਣਾਂ ਲੜੀਆਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਏਬਰੇਲੀ ਸੀਟ ਤੋਂ ਤਿੰਨ ਲੱਖ 90 ਹਜ਼ਾਰ 30 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਨਹਿਰੂ-ਗਾਂਧੀ ਪਰਿਵਾਰ ਦੇ ਇੱਕ ਹੋਰ ਅਹਿਮ ਸਿਆਸੀ ਗੜ੍ਹ ਅਮੇਠੀ ’ਚ ਵੀ ਪਾਰਟੀ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ 1,67,196 ਵੋਟਾਂ ਨਾਲ ਹਰਾਇਆ ਹੈ। ਕਾਂਗਰਸੀ ਉਮੀਦਵਾਰ ਉੱਜਵਲ ਰਮਨ ਸਿੰਘ ਨੇ ਅਲਾਹਾਬਾਦ ਲੋਕ ਸਭਾ ਸੀਟ ਜਿੱਤ ਲਈ ਹੈ। ਜਦਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ 40 ਸਾਲ ਪਹਿਲਾਂ ਇਹ ਸੀਟ ਜਿੱਤੀ ਸੀ। -ਪੀਟੀਆਈ