ਯੁਵਕ ਮੇਲੇ ’ਚ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਅਕਤੂਬਰ
ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਡਾਇਰੈਕਟਰ ਡਾ. ਰਾਜੀਵ ਕੁਮਾਰ ਸਹਿਗਲ ਦੀ ਅਗਵਾਈ ਹੇਠ ਮੋਗਾ-ਫਿਰੋਜ਼ਪੁਰ ਜ਼ੋਨ-ਤਿੰਨ ਦੇ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਵਿੱਚ ਹੋਏ ਚਾਰ ਰੋਜ਼ਾ ਜ਼ੋਨਲ ਯੂਥ ਮੇਲੇ ’ਚ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ ਤੇ ਕੁੱਲ ਸੱਤ ਇਨਾਮ ਜਿੱਤੇ। ਸਭਿਆਚਾਰਕ ਕਮੇਟੀ ਦੇ ਕਨਵੀਨਰ ਡਾ. ਕਰਮਦੀਪ ਕੌਰ ਨੇ ਦੱਸਿਆ ਕਿ 34 ਕਾਲਜਾਂ ਦੇ ਹੋਏ ਮੁਕਾਬਲਿਆਂ ਵਿੱਚੋਂ ਕੁਇੱਜ਼ ਟੀਮ ਦੇ ਵਿਦਿਆਰਥੀ ਵਿਕਾਸ ਦਿਵੇਦੀ, ਹਰਦੀਪ ਦਾਸ ਅਤੇ ਤੇਜਸਦੀਪ ਕੌਰ ਨੇ ਪਹਿਲਾ, ਹੈਰੀਟੇਜ ਕੁਇਜ਼ ਵਿੱਚੋਂ ਕੋਮਲਪ੍ਰੀਤ ਕੌਰ, ਅਰੁਣ ਤੇ ਸੁਖਪ੍ਰੀਤ ਸਿੰਘ ਨੇ ਦੂਜਾ ਸਥਾਨ, ਪੀੜ੍ਹੀ ਬਣਾਉਣ ਦੇ ਮੁਕਾਬਲੇ ਵਿੱਚੋਂ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਕਵਿਤਾ ਲਿਖਣ ਮੁਕਾਬਲੇ ਵਿੱਚ ਰਾਵੇਦਾ ਨੇ ਦੂਜਾ ਸਥਾਨ, ਹਿਸਟਰੋਨਿਕਸ ਵਿੱਚੋਂ ਮਨਜੀਤ ਸਿੰਘ ਨੇ ਤੀਜਾ ਸਥਾਨ ਅਤੇ ਕਾਰਟੂਨ ਬਣਾਉਣ ਵਿੱਚ ਜਜੱਸ਼ਵੀ ਨੇ ਤੀਜਾ ਸਥਾਨ ਹਾਸਲ ਕੀਤਾ। ਮੁਹਾਵਰੇਦਾਰ ਵਾਰਤਾਲਾਪ ਟੀਮ ਵਿੱਚੋਂ ਪ੍ਰਭਜੋਤ ਕੌਰ ਨੇ ਵਿਅਕਤੀਗਤ ਪੱਧਰ ’ਤੇ ਦੂਜਾ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਕਾਲਜ ਡਾਇਰੈਕਟਰ ਡਾ. ਸਹਿਗਲ ਨੇ ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲੇ ਅਤੇ ਦੂਜੇ ਸਥਾਨ ਵਿੱਚ ਆਏ ਵਿਦਿਆਰਥੀ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਭਾਗ ਲੈਣਗੇ। ਇਹ ਮੁਕਾਬਲੇ 11 ਤੋਂ 14 ਨਵੰਬਰ ਨੂੰ ਡੀਏਵੀ ਕਾਲਜ ਹੁਸ਼ਿਆਰਪੁਰ ਵਿੱਚ ਹੋਣਗੇ। ਯੁਵਕ ਮੇਲੇ ਦੀ ਤਿਆਰੀ ’ਚ ਸਭਿਆਚਾਰ ਕਮੇਟੀ ਦੇ ਕੋ-ਕਨਵੀਨਰ ਪ੍ਰੋ. ਸਰਵਰਿੰਦਰ ਕੌਰ, ਕਮੇਟੀ ਮੈਂਬਰ ਪ੍ਰੋ. ਦਾਨਿਸ਼ ਪੁਰੀ, ਪ੍ਰੋ. ਪਰਮਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਅਹਿਮ ਯੋਗਦਾਨ ਪਾਇਆ। ਇਸ ਦੇ ਨਾਲ ਹੀ ਕਾਲਜ ਦੇ ਵਾਈਸ ਡਾਇਰੈਕਟਰ ਪ੍ਰੋ. ਨਿਧੀ ਮਹਾਜਨ, ਸਰਬਦੀਪ ਕੌਰ ਸਿੱਧੂ, ਸਰਬਜੋਤ ਕੌਰ ਬੇਦੀ, ਜਤਿੰਦਰ ਸਿੰਘ, ਸੁਮਿਤ ਸੋਨੀ, ਮਨਦੀਪ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਡਿੰਪਲ ਪਾਰਚਾ, ਸੁਰਭੀ ਗੁਪਤਾ, ਰਜਨੀ ਭਾਰਦਵਾਜ, ਅਮਿਤ ਰਾਣਾ ਤੇ ਕਿਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।