For the best experience, open
https://m.punjabitribuneonline.com
on your mobile browser.
Advertisement

ਨਾਪ-ਤੋਲ ਵਿਭਾਗ ਦੀ ਟੀਮ ਵੱਲੋਂ ਕਣਕ ਦੇ ਭਾਰ ਦੀ ਜਾਂਚ

08:25 AM Apr 25, 2024 IST
ਨਾਪ ਤੋਲ ਵਿਭਾਗ ਦੀ ਟੀਮ ਵੱਲੋਂ ਕਣਕ ਦੇ ਭਾਰ ਦੀ ਜਾਂਚ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 24 ਅਪਰੈਲ
ਨਾਪ-ਤੋਲ ਵਿਭਾਗ ਦੀ ਟੀਮ ਨੇ ਅੱਜ ਬਨੂੜ ਮੰਡੀ ਵਿੱਚ ਖਰੀਦੀ ਗਈ ਕਣਕ ਦੀਆਂ ਬੋਰੀਆਂ ਦੇ ਭਾਰ ਦੀ ਜਾਂਚ ਕੀਤੀ। ਟੀਮ ਵੱਲੋਂ ਮੰਡੀ ਦੀ ਫ਼ਰਮ ਰਾਮ ਕਿਸ਼ਨ ਐਂਡ ਕੰਪਨੀ ਨੂੰ ਵੱਧ ਕਣਕ ਤੋਲੇ ਜਾਣ ਦੇ ਦੋਸ਼ ’ਚ ਦਸ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਸੇ ਆੜ੍ਹਤੀ ਨੂੰ ਚਾਰ ਦਿਨ ਦਰਮਿਆਨ ਵੱਧ ਭਾਰ ਤੋਲਣ ਕਰ ਕੇ ਦੂਜੀ ਵਾਰ ਜੁਰਮਾਨਾ ਹੋਇਆ ਹੈ। ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਵੱਲੋਂ ਵੀ ਸਬੰਧਤ ਫ਼ਰਮ ਸਮੇਤ ਕੁੱਝ ਹੋਰ ਆੜ੍ਹਤੀਆਂ ਨੂੰ ਇੱਕ-ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਸੀ ਅਤੇ ਭਾਰ ਸਹੀ ਤੋਲਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ।
ਵਿਭਾਗ ਦੀ ਮੁਹਾਲੀ ਤੋਂ ਇੰਸਪੈਕਟਰ ਅਜੇ ਪਾਲ ਸਿੰਘ ਸੰਧੂ, ਇੰਸਪੈਕਟਰ ਮਨੋਜ ਕੁਮਾਰ ਅਤੇ ਮੁੱਖ ਦਫ਼ਤਰ ਤੋਂ ਆਏ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੱਜ ਦੁਪਹਿਰ ਵੇਲੇ ਅਨਾਜ ਮੰਡੀ ਬਨੂੜ ਵਿੱਚ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਰਾਮ ਕਿਸ਼ਨ ਐਂਡ ਕੰਪਨੀ ਦੀ ਫ਼ੜ੍ਹ ਉੱਤੇ ਪਿੰਡ ਸਨੇਟਾ ਦੇ ਕਿਸਾਨ ਗੁਰਮੁੱਖ ਸਿੰਘ ਦੀ ਖਰੀਦੀ ਗਈ ਕਣਕ ਵਿੱਚੋਂ ਭਰੇ ਹੋਏ ਕਣਕ ਦੇ ਦਸ ਥੈਲਿਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ 10 ਥੈਲਿਆਂ ਵਿੱਚ ਔਸਤ 51.2 ਕਿੱਲੋ ਵਜ਼ਨ ਪਾਇਆ ਗਿਆ। ਕਣਕ ਦਾ ਥੈਲੇ ਸਮੇਤ ਭਾਰ 50.6 ਕਿੱਲੋ ਹੋਣਾ ਤੈਅ ਹੈ ਅਤੇ ਟੀਮ ਵੱਲੋਂ ਪ੍ਰਤੀ ਥੈਲਾ 600 ਗ੍ਰਾਮ ਦੇ ਕਰੀਬ ਵਜ਼ਨ ਵਧ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਹੋਰਨਾਂ ਕੁੱਝ ਫ਼ਰਮਾਂ ਦੀ ਜਾਂਚ ਦੌਰਾਨ ਵਜ਼ਨ ਸਹੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਸਬੰਧਤ ਫ਼ਰਮ ਨੂੰ ਦਸ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਵਜ਼ਨ ਸਹੀ ਤੋਲੇ ਜਾਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਮਾਰਕੀਟ ਕਮੇਟੀ ਬਨੂੜ ਦੇ ਅਕਾਊਂਟੈਂਟ ਗੁਰਮੀਤ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਚਾਰ ਦਿਨ ਪਹਿਲਾਂ ਸਮੁੱਚੀ ਮੰਡੀ ਵਿੱਚ ਕਣਕ ਦੇ ਤੋਲ ਦੀ ਪੜਤਾਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੁੱਝ ਆੜ੍ਹਤੀਆਂ ਦਾ 200 ਗ੍ਰਾਮ ਪ੍ਰਤੀ ਥੈਲਾ ਵਜ਼ਨ ਵਧ ਪਾਇਆ ਗਿਆ ਸੀ, ਜਿਨ੍ਹਾਂ ਵਿੱਚ ਰਾਮਕਿਸ਼ਨ ਐਂਡ ਕੰਪਨੀ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਸਬੰਧਤ ਫ਼ਰਮ ਨੂੰ ਇੱਕ ਹਜ਼ਾਰ ਅਤੇ ਤੋਲੇ ਨੂੰ ਪੰਜ ਸੌ ਰਪੁਏ ਜੁਰਮਾਨਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਕਮੇਟੀ ਵੱਲੋਂ ਸਬੰਧਤ ਫ਼ਰਮ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਜਾਵੇਗਾ।
ਇਸੇ ਦੌਰਾਮ ਰਾਮ ਕਿਸ਼ਨ ਐਂਡ ਕੰਪਨੀ ਦੇ ਪ੍ਰਬੰਧਕ ਧਰਮਪਾਲ ਪਿੰਕੀ ਨੇ ਸੰਪਰਕ ਕਰਨ ’ਤੇ ਚਾਰ ਦਿਨਾਂ ਵਿੱਚ ਦੋ ਵਾਰ ਜੁਰਮਾਨਾ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਕੰਡੇ ਵਿੱਚ ਨੁਕਸ ਸੀ ਅਤੇ ਨਾਪ-ਤੋਲ ਵਿਭਾਗ ਦੀ ਟੀਮ ਨੇ ਹੁਣ ਕੰਡਾ ਠੀਕ ਕਰ ਦਿੱਤਾ ਹੈ।

Advertisement

ਕੇਂਦਰੀ ਟੀਮ ਵੱਲੋਂ ਮੰਡੀ ਦਾ ਦੌਰਾ

ਕੇਂਦਰ ਸਰਕਾਰ ਦੇ ਖੁਰਾਕ ਸਪਲਾਈ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੀ ਅਗਵਾਈ ਹੇਠਲੀ ਟੀਮ ਨੇ ਅੱਜ ਬਨੂੜ ਮੰਡੀ ਵਿੱਚ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਆੜ੍ਹਤੀਆਂ, ਕਿਸਾਨਾਂ ਅਤੇ ਖਰੀਦ ਏਜੰਸੀਆਂ ਨਾਲ ਵੀ ਗੱਲਬਾਤ ਕੀਤੀ। ਕਿਸਾਨਾਂ ਨੇ ਗੜੇਮਾਰੀ ਕਾਰਨ ਝਾੜ ਉੱਤੇ ਪਏ ਅਸਰ ਲਈ ਮੁਆਵਜ਼ੇ ਦੀ ਮੰਗ ਕੀਤੀ। ਇਸ ਮੌਕੇ ਖੁਰਾਕ ਸਪਲਾਈ ਵਿਭਾਗ ਪੰਜਾਬ ਦੇ ਵਧੀਕ ਡਾਇਰੈਕਟਰ ਅਜੂੰਮਨ ਭਾਸਕਰ, ਜ਼ਿਲ੍ਹਾ ਮੰਡੀ ਅਫਸਰ ਗਗਨਦੀਪ ਸਿੰਘ, ਸੈਕਟਰੀ ਪ੍ਰਦੀਪ ਸ਼ਰਮਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਵੀ ਹਾਜ਼ਰ ਸਨ।

Advertisement
Author Image

sukhwinder singh

View all posts

Advertisement
Advertisement
×