ਪੰਜਾਬੀ ’ਵਰਸਿਟੀ ਵਿੱਚ 62 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦੀ ਜਾਂਚ ਮੁਕੰਮਲ ਹੋਣ ਨੇੜੇ
ਪੱਤਰ ਪ੍ਰੇਰਕ
ਪਟਿਆਲਾ, 28 ਅਗਸਤ
ਪੰਜਾਬੀ ਯੂਨੀਵਰਸਿਟੀ ਵਿੱਚ ਭਰਤੀ ਕੀਤੇ 62 ਸਹਾਇਕ ਪ੍ਰੋਫੈਸਰਾਂ ਦਾ ਮਾਮਲਾ ਵਿਜੀਲੈਂਸ ਕੋਲ ਪੜਤਾਲ ਅਧੀਨ ਹੈ। ਇਸ ਦੇ ਕਈ ਪੱਖ ਸਾਹਮਣੇ ਆਏ ਹਨ। ਪ੍ਰੋਫੈਸਰਾਂ ਦੀ ਨਿਯੁਕਤੀ ਲਈ ਬਣਾਈਆਂ ਗਈਆਂ ਕਮੇਟੀਆਂ ਵੀ ਸ਼ੱਕ ਦੇ ਘੇਰੇ ਵਿੱਚ ਹਨ।
ਇਸ ਬਾਬਤ ਵਿਜੀਲੈਂਸ ਦੇ ਐੱਸਐੱਸਪੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੇਸ ਪੜਤਾਲ ਅਧੀਨ ਹੈ। ਇਸ ਵਿਚ ਕਈ ਪਹਿਲੂ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਭਰਤੀ ਵਿੱਚ ਕਈ ਨਿਯਮ ਛਿੱਕੇ ਟੰਗੇ ਗਏ ਹਨ, ਪਰ ਅਜੇ ਤੱਕ ਉਹ ਇਸ ਬਾਰੇ ਪੂਰੀ ਤਰ੍ਹਾਂ ਹਰ ਪਹਿਲੂ ਨਸ਼ਰ ਨਹੀਂ ਕਰ ਸਕਦੇ ਕਿਉਂਕਿ ਕੁਝ ਕਾਰਨ ਅਦਾਲਤ ਦੇ ਹਨ ਜਿਨ੍ਹਾਂ ਕਰਕੇ ਪੜਤਾਲ ਪੂਰੀ ਹੋਣ ਦੇ ਬਾਵਜੂਦ ਅਜੇ ਅਮਲ ਤੋਂ ਦੂਰ ਹੈ, ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਗਲੇ ਹਫ਼ਤੇ ਤੱਕ ਉਹ ਆਪਣੇ ਅਮਲ ਵੱਲ ਵਧ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਚ ਸ਼੍ਰੋਮਣੀ ਅਕਾਲੀ ਸਰਕਾਰ ਸਮੇਂ ਕਾਫ਼ੀ ਭਰਤੀਆਂ ਕੀਤੀਆਂ ਗਈਆਂ ਸਨ। ਇਸ ਵਿੱਚ ਸਿਰਫ਼ ਸਹਾਇਕ ਪ੍ਰੋਫੈਸਰ ਹੀ ਨਹੀਂ ਸਗੋਂ ਕਲਰਕ, ਸਹਾਇਕ, ਪਬਲੀਕੇਸ਼ਨ ਬਿਊਰੋ ਵਿਚ, ਪ੍ਰੀਖਿਆ ਸ਼ਾਖਾ ਵਿਚ ਹੋਰ ਕਈ ਵਿਭਾਗਾਂ ਵਿਚ ਭਰਤੀਆਂ ਹੋਈਆਂ ਸਨ, ਜਿਸ ਵਿਚ ਕਈ ਅਸਰ ਰਸੂਖ਼, ਸੱਤਾਧਾਰੀ ਪਾਰਟੀ ਦੇ ਆਗੂਆਂ ਦੀਆਂ ਸਿਫ਼ਾਰਸ਼ਾਂ ਤੇ ਕਈ ਸਾਰੇ ਪੱਤਰਕਾਰਾਂ ਦੀਆਂ ਘਰਵਾਲੀਆਂ ਤੇ ਭਾਈ ਭਤੀਜੇ ਵੀ ਭਰਤੀ ਕੀਤੇ ਗਏ ਸਨ।
ਵਿਜੀਲੈਂਸ ਵੱਲੋਂ ਸੁਰੱਖਿਆ ਸੁਪਰਵਾਈਜ਼ਰ ਗ੍ਰਿਫ਼ਤਾਰ
ਪੰਜਾਬੀ ਯੂਨੀਵਰਸਿਟੀ ਦੇ ਸੁਰੱਖਿਆ ਸੁਪਰਵਾਈਜ਼ਰ ਰੁਪਿੰਦਰ ਸਿੰਘ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਤੇ ਆਪਣੀ ਸੇਵਾਦਾਰਨੀ ਕੁਲਦੀਪ ਕੌਰ ਦੇ ਨਾਮ ਤੇ’ ਲੱਖਾਂ ਰੁਪਏ ਹੜੱਪਣ ਦਾ ਦੋਸ਼ ਹੈ।