For the best experience, open
https://m.punjabitribuneonline.com
on your mobile browser.
Advertisement

ਨੌਕਰੀ ਲਈ ਪ੍ਰੀਖਿਆ: ਪੰਜਾਬੀ ਭਾਸ਼ਾ ’ਚੋਂ 13 ਹਜ਼ਾਰ ਉਮੀਦਵਾਰ ਫ਼ੇਲ੍ਹ!

10:24 PM Jun 23, 2023 IST
ਨੌਕਰੀ ਲਈ ਪ੍ਰੀਖਿਆ  ਪੰਜਾਬੀ ਭਾਸ਼ਾ ’ਚੋਂ 13 ਹਜ਼ਾਰ ਉਮੀਦਵਾਰ ਫ਼ੇਲ੍ਹ
Advertisement

ਚਰਨਜੀਤ ਭੁੱਲਰ

Advertisement

ਚੰਡੀਗੜ੍ਹ, 6 ਜੂਨ

ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ ਵਾਸਤੇ ਹੋਈ ਲਿਖਤੀ ਪ੍ਰੀਖਿਆ ‘ਚੋਂ ਕਰੀਬ 38 ਫ਼ੀਸਦੀ ਉਮੀਦਵਾਰ ਪੰਜਾਬੀ ‘ਚੋਂ ਹੀ ਫ਼ੇਲ੍ਹ ਹੋ ਗਏ। ਲਿਖਤੀ ਪ੍ਰੀਖਿਆ ਦਾ ਇਹ ਨਤੀਜਾ ਆਪਣੀ ਹੀ ਜ਼ਮੀਨ ‘ਤੇ ਮਾਤ ਭਾਸ਼ਾ ਦੇ ਜ਼ਮੀਨੀ ਸੱਚ ਦੀ ਤਸਵੀਰ ਪੇਸ਼ ਕਰਦਾ ਹੈ। ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸ ਬੋਰਡ) ਵੱਲੋਂ ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ ਹੈ, ਜਿਸ ‘ਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵੀ ਸ਼ਾਮਲ ਸੀ ਅਤੇ ਪੰਜਾਬੀ ‘ਚੋਂ ਘੱਟੋ-ਘੱਟ ਪੰਜਾਹ ਫ਼ੀਸਦੀ ਅੰਕ ਲੈਣੇ ਲਾਜ਼ਮੀ ਸਨ।

ਵੇਰਵਿਆਂ ਅਨੁਸਾਰ ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਲਿਖਤੀ ਪ੍ਰੀਖਿਆ ਵਿਚ ਕੁੱਲ 36,836 ਉਮੀਦਵਾਰ ਬੈਠੇ ਸਨ, ਜਿਨ੍ਹਾਂ ‘ਚੋਂ 22,957 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਪ੍ਰੀਖਿਆ ‘ਚੋਂ 13,879 ਉਮੀਦਵਾਰ ਪੰਜਾਬੀ ‘ਚੋਂ ਫ਼ੇਲ੍ਹ ਹੋ ਗਏ ਹਨ, ਜਿਨ੍ਹਾਂ ਦੀ ਦਰ 37.67 ਫ਼ੀਸਦੀ ਬਣਦੀ ਹੈ। ਪੰਜਾਬੀ ‘ਚੋਂ ਫ਼ੇਲ੍ਹ ਹੋਣ ਕਰ ਕੇ ਇਹ ਉਮੀਦਵਾਰ ਆਬਕਾਰੀ ਅਤੇ ਕਰ ਇੰਸਪੈਕਟਰ ਦੀ ਸੂਚੀ ਵਿਚ ਸ਼ਾਮਲ ਨਹੀਂ ਹੋ ਸਕੇ ਹਨ। ਆਪਣੀ ਮਾਤ ਭਾਸ਼ਾ ‘ਚੋਂ 50 ਫ਼ੀਸਦੀ ਅੰਕ ਵੀ ਹਾਸਲ ਨਾ ਕਰਨ ਵਾਲੇ ਸਿੱਖਿਆ ਢਾਂਚੇ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਪ੍ਰੀਖਿਆ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ, ਜਿਸ ਵਿੱਚ 46 ਉਮੀਦਵਾਰ ਅਜਿਹੇ ਹਨ, ਜਿਹੜੇ 25 ਅੰਕ ਲੈਣ ਦੀ ਬਜਾਏ ਸਿਰਫ਼ ਇੱਕ ਤੋਂ 10 ਅੰਕ ਹੀ ਹਾਸਲ ਕਰ ਸਕੇ। ਇਸੇ ਤਰ੍ਹਾਂ 3678 ਉਮੀਦਵਾਰ 11 ਤੋਂ 20 ਅੰਕ ਹੀ ਲੈ ਸਕੇ ਹਨ। ਕਰੀਬ 10,152 ਉਮੀਦਵਾਰਾਂ ਦੇ ਅੰਕ 20 ਤੋਂ 25 ਅੰਕਾਂ ਦੇ ਦਰਮਿਆਨ ਰਹੇ। ਆਬਕਾਰੀ ਅਤੇ ਕਰ ਇੰਸਪੈਕਟਰ ਦੀ ਪ੍ਰੀਖਿਆ ਦੇਣ ਵਾਲਿਆਂ ਵਿੱਚ 19,457 ਲੜਕੀਆਂ ਵੀ ਹਨ।

ਇਸੇ ਤਰ੍ਹਾਂ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸਟੈਨੋ ਟਾਈਪਿਸਟ ਦੀਆਂ ਅਸਾਮੀਆਂ ਵਾਸਤੇ ਲਈ ਲਿਖਤੀ ਪ੍ਰੀਖਿਆ ਵਿਚ 4627 ਉਮੀਦਵਾਰ ਬੈਠੇ ਸਨ, ਜਿਨ੍ਹਾਂ ‘ਚੋਂ 20.38 ਫ਼ੀਸਦੀ ਉਮੀਦਵਾਰ ਪੰਜਾਬੀ ‘ਚੋਂ ਫ਼ੇਲ੍ਹ ਹੋ ਗਏ। ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਪ੍ਰੀਖਿਆ ‘ਚੋਂ 9.20 ਫ਼ੀਸਦੀ ਉਮੀਦਵਾਰ ਪੰਜਾਬੀ ‘ਚੋਂ ਫ਼ੇਲ੍ਹ ਹੋਏ ਹਨ। ਲਾਈਵ ਸਟਾਕ ਸੁਪਰਵਾਈਜ਼ਰ ਵਾਸਤੇ ਹੋਈ ਲਿਖਤੀ ਪ੍ਰੀਖਿਆ ‘ਚੋਂ 6 ਫ਼ੀਸਦੀ ਉਮੀਦਵਾਰ ਪੰਜਾਬੀ ‘ਚੋਂ ਪਾਸ ਨਹੀਂ ਹੋ ਸਕੇ। ਏਦਾਂ ਦੇ ਰੁਝਾਨ ਦੇਖ ਕੇ ਪੰਜਾਬ ਸਰਕਾਰ ਨੂੰ ਵੀ ਚੌਕਸ ਹੋਣ ਦੀ ਲੋੜ ਹੈ। ਹਾਲਾਂਕਿ ਇਨ੍ਹਾਂ ਉਮੀਦਵਾਰਾਂ ਨੇ ਗਰੈਜੂਏਸ਼ਨ ਵਿਚ ਪੰਜਾਬੀ ਪੜ੍ਹੀ ਹੋਈ ਹੈ। ਕਿਥੇ ਕਮੀ ਰਹੀ ਹੈ, ਇਸ ਦੀ ਘੋਖ ਹੋਣੀ ਚਾਹੀਦੀ ਹੈ।

ਪਾਸ ਹੋਣ ਵਾਲੇ ਅਸਲ ਹੱਕਦਾਰ: ਬਰਾੜ

ਪੰਜਾਬੀ ‘ਵਰਸਿਟੀ ਦੇ ਡੀਨ (ਭਾਸ਼ਾਵਾਂ) ਰਾਜਿੰਦਰਪਾਲ ਸਿੰਘ ਬਰਾੜ ਇਸ ਨਤੀਜੇ ਨੂੰ ਪੰਜਾਬ ਲਈ ਸ਼ੁੱਭ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਤੀਜੇ ਵਿਚ ਜਿਹੜੇ ਪੰਜਾਬੀ ‘ਚੋਂ ਪਾਸ ਹੋਏ ਹਨ, ਉਨ੍ਹਾਂ ਦਾ ਹੀ ਪੰਜਾਬ ਵਿੱਚ ਨੌਕਰੀ ‘ਤੇ ਹੱਕ ਬਣਦਾ ਹੈ। ਜਿਨ੍ਹਾਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਹੀ ਪਤਾ ਨਹੀਂ, ਉਨ੍ਹਾਂ ਦਾ ਪੰਜਾਬੀ ‘ਚੋਂ ਫ਼ੇਲ੍ਹ ਹੋਣਾ ਇੱਕ ਤਰੀਕੇ ਨਾਲ ਪੰਜਾਬ ਦਾ ਹੀ ਭਲਾ ਹੈ। ਇਸ ਪੱਖੋਂ ਪੰਜਾਬ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ।

ਕਮਜ਼ੋਰ ਬੁਨਿਆਦ ਜ਼ਿੰਮੇਵਾਰ: ਡਾ. ਰਵੀ

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਵਿਚ ਉਮੀਦਵਾਰਾਂ ਦੇ ਪੰਜਾਬੀ ‘ਚੋਂ ਫ਼ੇਲ੍ਹ ਹੋਣ ਲਈ ਸਿੱਖਿਆ ਦੀ ਬੁਨਿਆਦ ਹੀ ਜ਼ਿੰਮੇਵਾਰ ਹੈ। ਪ੍ਰਾਇਮਰੀ ਪੱਧਰ ‘ਤੇ ਪੰਜਾਬੀ ਭਾਸ਼ਾ ਨਾ ਠੀਕ ਤਰੀਕੇ ਨਾਲ ਸਿਖਾਈ ਜਾ ਰਹੀ ਹੈ ਅਤੇ ਨਾ ਹੀ ਵਿਦਿਆਰਥੀ ਪੰਜਾਬੀ ਨੂੰ ਸਿੱਖਣ ਤੇ ਲਿਖਣ ਦਾ ਯਤਨ ਕਰਦੇ ਹਨ। ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਬਹੁਤੇ ਵਿਦਿਆਰਥੀ ਸ਼ੁੱਧ ਪੰਜਾਬੀ ਲਿਖਣ ਤੋਂ ਕੋਰੇ ਹੁੰਦੇ ਹਨ।

Advertisement
Advertisement
Advertisement
×