ਨੌਕਰੀ ਤੋਂ ਕੱਢੇ ਸੁਰੱਖਿਆ ਗਾਰਡ ਦੇ ਹੱਕ ’ਚ ਨਿੱਤਰੇ ਸਾਬਕਾ ਸੈਨਿਕ
ਪੱਤਰ ਪ੍ਰੇਰਕ
ਪਟਿਆਲਾ, 4 ਅਕਤੂਬਰ
ਥਾਪਰ ਡੀਮਡ ਯੂਨੀਵਰਸਿਟੀ ਵਿਚ ਦਸ ਸਾਲਾਂ ਤੋਂ ਕੰਮ ਕਰਦੇ ਸੁਰੱਖਿਆ ਗਾਰਡ ਨੂੰ ਫ਼ਾਰਗ ਕਰਨ ਦੇ ਮਾਮਲੇ ਵਿਚ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਉਸ ਦੇ ਸਮਰਥਨ ਵਿਚ ਆ ਗਈ ਹੈ। ਯੂਨੀਅਨ ਆਗੂਆਂ ਵੱਲੋਂ ਇਸ ਸਬੰਧੀ ਅੱਜ ਪਟਿਆਲਾ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਵਿਚਾਰਿਆ ਗਿਆ ਕਿ ਭੁਪਿੰਦਰ ਸਿੰਘ ਸਕਿਉਰਿਟੀ ਗਾਰਡ ਦਾ ਰੁਜ਼ਗਾਰ ਇੱਕ ਮਹੀਨੇ ਤੋਂ ਖ਼ਤਮ ਕਰ ਰੱਖਿਆ ਹੈ। ਭੁਪਿੰਦਰ ਸਿੰਘ ਪਿਛਲੇ 10 ਸਾਲ ਤੋਂ ਥਾਪਰ ਕਾਲਜ ਵਿੱਚ ਆਪਣੀ ਸੁਰੱਖਿਆ ਦੀ ਡਿਊਟੀ ਬੜੀ ਇਮਾਨਦਾਰੀ ਅਤੇ ਅਨੁਸ਼ਾਸਨ ਵਿੱਚ ਨਿਭਾਉਂਦਾ ਆ ਰਿਹਾ ਸੀ। ਭੁਪਿੰਦਰ ਸਿੰਘ ਦੀ ਬਹਾਲੀ ਲਈ ਯੂਨੀਅਨ ਵੱਲੋਂ 7 ਅਕਤੂਬਰ ਨੂੰ ਥਾਪਰ ਕਾਲਜ ਦੇ ਮੇਨ ਗੇਟ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ ਜੋ ਅਣਮਿਥੇ ਸਮੇਂ ਤੱਕ ਜਾਰੀ ਰਹੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਅਤੇ ਹੋਰ ਜਥੇਬੰਦੀਆਂ ਦਾ ਵੀ ਸਹਿਯੋਗ ਰਹੇਗਾ।
ਇਸ ਮੀਟਿੰਗ ਵਿੱਚ ਪ੍ਰਗਟ ਸਿੰਘ ਸੂਬਾ ਪ੍ਰਧਾਨ, ਦਰਸ਼ਨ ਸਿੰਘ ਜਨਰਲ ਸਕੱਤਰ, ਪਰਮਜੀਤ ਸਿੰਘ ਪਟਿਆਲਾ ਇਕਾਈ ਪ੍ਰਧਾਨ, ਭੁਪਿੰਦਰ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ, ਮੁਕੇਸ਼ ਕੁਮਾਰ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਮੇਲ ਸਿੰਘ, ਸੁਲਤਾਨ ਅਲੀ, ਬਿੱਕਰ ਸਿੰਘ ਸਿੱਧੂ ਆਦਿ ਹਾਜ਼ਰ ਸਨ।