ਸਾਬਕਾ ਰਾਸ਼ਟਰਪਤੀ ਵੱਲੋਂ ਗੁਰੂਕੁਲ ਦਾ ਦੌਰਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਅਗਸਤ
ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਬੀਤੀ ਦੇਰ ਸ਼ਾਮ ਗੁਰੂਕੁਲ ਕੁਰੂਕਸ਼ੇਤਰ ਪੁੱਜੇ। ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵ੍ਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਥੇ ਨਾਲ ਹੀ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਆ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਿਮਾਚਲ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ, ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਵੀ ਗੁਰੂਕੁਲ ਪੁੱਜੇ। ਸਭ ਦਾ ਗੁਰੂਕੁਲ ਪ੍ਰਬੰਧਕ ਸਮਿਤੀ ਨੇ ਸਵਾਗਤ ਕੀਤਾ। ਰਾਜਪਾਲ ਅਚਾਰੀਆ ਦੇਵਵਰਤ ਦੀ ਅਗਵਾਈ ਵਿਚ ਸਭ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਗੁਰੂਕੁਲ ਦੀ ਗਊਸ਼ਾਲਾ ਪੁਜੇ।
ਅਚਾਰੀਆ ਨੇ ਦੱਸਿਆ ਕਿ ਗਊਸ਼ਾਲਾ ਵਿਚ ਦੇਸੀ ਗਾਵਾਂ ਦੀ ਨਸਲ ਸੁਧਾਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਾਵਾਂ ਦਾ ਦੁੱਧ ਇਥੇ ਪੜ੍ਹਨ ਵਾਲੇ ਬਚਿੱਆਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਗੁਰੂਕੁਲ ਦੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਕੋਵਿੰਦ ਨੇ ਕਿਹਾ ਕਿ ਇਕ ਹੀ ਸਾਲ ਵਿਚ ਗੁਰੂਕੁਲ ਦੇ 13 ਬੱਚਿਆਂ ਦਾ ਐੱਨਡੀਏ ਵਿਚ ਜਾਣਾ, ਕਿਸੇ ਚਮਤਕਾਰ ਤੋਂ ਘੱਟ ਨਹੀਂ। ਉਨ੍ਹਾਂ ਸਾਰੇ ਗੁਰੂਕੁਲ ਪਰਿਵਾਰ ਨੂੰ ਵਧਾਈ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਗੁਰੂਕੁਲ ਪਰਿਵਾਰ ਵਲੋਂ ਉਨ੍ਹਾਂ ਯਾਦਗਾਰੀ ਚਿੰਨ੍ਹ ਤੇ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।