ਸਾਬਕਾ ਮੰਤਰੀ ਮਲੂਕਾ ਦੀ ਆਈਏਐੱਸ ਨੂੰਹ ਵੱਲੋਂ ਅਸਤੀਫ਼ਾ
ਚਰਨਜੀਤ ਭੁੱਲਰ
ਚੰਡੀਗੜ੍ਹ, 3 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈਏਐੱਸ ਨੂੰਹ ਪਰਮਪਾਲ ਕੌਰ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਹੈ ਜਿਸ ’ਤੇ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਵੇਲੇ ਇਹ ਅਧਿਕਾਰੀ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਸੀ। ਆਈਏਐੱਸ ਅਧਿਕਾਰੀ ਨੇ ਨਿੱਜੀ ਕਾਰਨਾਂ ਦੇ ਹਵਾਲੇ ਨਾਲ ਅਸਤੀਫ਼ਾ ਦਿੱਤਾ ਹੈ। ਇਸ ਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਪਰਮਪਾਲ ਕੌਰ ਸਿੱਧੂ ਜਲਦ ਭਾਜਪਾ ਦੀ ਟਿਕਟ ’ਤੇ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜ ਸਕਦੇ ਹਨ। ਵੇਰਵਿਆਂ ਅਨੁਸਾਰ ਪਰਮਪਾਲ ਕੌਰ ਸਿੱਧੂ ਨੇ ਆਪਣੀ ਨੌਕਰੀ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ੁਰੂ ਕੀਤੀ ਸੀ ਅਤੇ ਉਹ ਲੰਮਾ ਸਮਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦੇ ਤੌਰ ’ਤੇ ਕਈ ਜ਼ਿਲ੍ਹਿਆਂ ਵਿਚ ਤਾਇਨਾਤ ਰਹੇ। ਉਨ੍ਹਾਂ ਦੀ ਬਤੌਰ ਡਿਪਟੀ ਡਾਇਰੈਕਟਰ ਪਦਉਨਤੀ ਹੋਣ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨੌਮੀਨੇਸ਼ਨ ਰੂਟ ਜ਼ਰੀਏ ਆਈਏਐੱਸ ਬਣਾ ਦਿੱਤਾ ਸੀ। ਪਰਮਪਾਲ ਕੌਰ ਸਿੱਧੂ 2011 ਬੈਚ ਦੇ ਆਈਏਐਸ ਅਧਿਕਾਰੀ ਹਨ ਜਿਨ੍ਹਾਂ ਦੀ ਸੇਵਾਮੁਕਤੀ 31 ਅਕਤੂਬਰ 2024 ਨੂੰ ਹੋਣੀ ਸੀ।
ਪਰਮਪਾਲ ਕੌਰ ਨੇ ਆਪਣੀ ਸੇਵਾ ਮੁਕਤੀ ਤੋਂ ਕਰੀਬ ਸੱਤ ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਹੈ। ਬੇਸ਼ੱਕ ਸਿਆਸੀ ਤੌਰ ’ਤੇ ਪਰਮਪਾਲ ਕੌਰ ਸਿੱਧੂ ਨੂੰ ਅਕਾਲੀ ਭਾਜਪਾ ਗੱਠਜੋੜ ਦੌਰਾਨ ਲਾਹਾ ਮਿਲਦਾ ਰਿਹਾ ਹੈ ਪ੍ਰੰਤੂ ਹੁਣ ਜਦੋਂ ਗੱਠਜੋੜ ਸਰਕਾਰ ਹੋਂਦ ਵਿਚ ਨਹੀਂ ਹੈ ਤਾਂ ਉਸ ਦੇ ਪਰਿਵਾਰ ਦਾ ਨਾਤਾ ਅਕਾਲੀ ਦਲ ਨਾਲ ਹੋਣ ਕਰਕੇ ਕੋਈ ਅਹਿਮ ਪੋਸਟਿੰਗ ਨਹੀਂ ਮਿਲੀ। ਇਹ ਵੀ ਚਰਚਾ ਹੈ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਭਾਜਪਾ ਵਿਚ ਸ਼ਾਮਿਲ ਹੋ ਸਕਦੇ ਹਨ ਪ੍ਰੰਤੂ ਮਲੂਕਾ ਇਸ ਦਾ ਖੰਡਨ ਕਰ ਚੁੱਕੇ ਹਨ।
ਸਿਆਸੀ ਹਲਕਿਆਂ ਵਿਚ ਪਰਮਪਾਲ ਕੌਰ ਸਿੱਧੂ ਦੇ ਅਸਤੀਫ਼ੇ ਨੂੰ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਿਸੇ ਵੇਲੇ ਮਲੂਕਾ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਰਾਮਪੁਰਾ ਤੋਂ ਇਲਾਵਾ ਮੌੜ ਹਲਕਾ ਵੀ ਮੰਗਿਆ ਸੀ ਪ੍ਰੰਤੂ ਅਜਿਹਾ ਨਹੀਂ ਹੋ ਸਕਿਆ ਸੀ। ਉਸ ਵਕਤ ਮਲੂਕਾ ਪਰਿਵਾਰ ਅੰਦਰੋ ਅੰਦਰੀ ਨਾਰਾਜ਼ ਵੀ ਹੋ ਗਿਆ ਸੀ ਅਤੇ ਉਚੇਚੇ ਤੌਰ ’ਤੇ ਮਨਾਉਣ ਵਾਸਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਪਿੰਡ ਮਲੂਕਾ ਪੁੱਜੇ ਸਨ। ਸੂਤਰ ਆਖਦੇ ਹਨ ਕਿ ਸਾਬਕਾ ਮੰਤਰੀ ਮਲੂਕਾ ਦਾ ਲੜਕਾ ਗੁਰਪ੍ਰੀਤ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਸਕਦਾ ਹੈ ਜਿਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਮਲੂਕਾ ਪਰਿਵਾਰ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਮਲੂਕਾ ਗੱਠਜੋੜ ਸਮੇਂ ਜ਼ਿਲ੍ਹਾ ਪਰਿਸ਼ਦ ਬਠਿੰਡਾ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਸਬੰਧੀ ਜਦੋਂ ਫੋਨ ਕੀਤਾ ਤਾਂ ਪਰਮਪਾਲ ਕੌਰ ਮਲੂਕਾ ਨੇ ਫੋਨ ਨਹੀਂ ਚੁੱਕਿਆ। ਦੋ ਸੀਨੀਅਰ ਭਾਜਪਾ ਨੇਤਾਵਾਂ ਨੇ ਇਹ ਪੁਸ਼ਟੀ ਕੀਤੀ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਮਲੂਕਾ ਪਰਿਵਾਰ ਬਾਰੇ ਕੁਝ ਦਿਨ ਪਹਿਲਾਂ ਫੀਡ ਬੈਕ ਲਈ ਗਈ ਸੀ। ਜੇ ਸਿਆਸੀ ਚਰਚਾ ਠੀਕ ਸਾਬਿਤ ਹੋਈ ਤਾਂ ਬਠਿੰਡਾ ਸੰਸਦੀ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਵੋਟ ਬੈਂਕ ਨੂੰ ਵੱਡੀ ਸੱਟ ਵੱਜੇਗੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਆਖ ਚੁੁੱਕੇ ਹਨ ਕਿ ਉਹ ਆਖਰੀ ਦਮ ਤੱਕ ਅਕਾਲੀ ਦਲ ਵਿਚ ਹੀ ਰਹਿਣਗੇ।
ਅਸਤੀਫ਼ੇ ਦੇ ਸਿਆਸੀ ਮਾਅਨੇ ਨਹੀਂ: ਮਲੂਕਾ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਰਮਪਾਲ ਕੌਰ ਨੇ ਕਿਸੇ ਸਿਆਸੀ ਕਾਰਨ ਕਰਕੇ ਅਸਤੀਫ਼ਾ ਨਹੀਂ ਦਿੱਤਾ ਹੈ ਬਲਕਿ ਉਹ ਕੁਝ ਸਮੇਂ ਤੋਂ ਕੁਝ ਰੁਝੇਵਿਆਂ ਕਰਕੇ ਨੌਕਰੀ ਛੱਡਣ ਦਾ ਮਨ ਬਣਾ ਰਹੇ ਸਨ। ਮਲੂਕਾ ਨੇ ਕਿਹਾ ਕਿ ਇਸ ਅਸਤੀਫ਼ੇ ਨੂੰ ਕਿਸੇ ਸਿਆਸੀ ਨਜ਼ਰੀਏ ਤੋਂ ਨਾ ਦੇਖਿਆ ਜਾਵੇ।