ਸਾਬਕਾ ਵਿਧਾਇਕਾਂ ਵੱਲੋਂ ਸਰਕਾਰੀ ਧਿਰ ’ਤੇ ਵਧੀਕੀਆਂ ਕਰਨ ਦਾ ਦੋਸ਼
ਗੁਰਬਖਸ਼ਪੁਰੀ
ਤਰਨ ਤਾਰਨ, 1 ਅਕਤੂਬਰ
ਕਾਂਗਰਸ ਪਾਰਟੀ ਦੇ ਤਿੰਨ ਸਾਬਕਾ ਵਿਧਾਇਕਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਅੱਜ ਇੱਥੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਹਾਕਮ ਧਿਰ ਵੱਲੋਂ ਪੰਚਾਇਤ ਚੋਣਾਂ ਲਈ ਆਪਣੇ ਨਾਮਜ਼ਦਗੀ ਪਰਚੇ ਦਾਖਲ ’ਤੇ ਕਾਂਗਰਸੀ ਉਮੀਦਵਾਰਾਂ ਨਾਲ ਕੀਤੀਆਂ ਜਾ ਰਹੀਆਂ ਕਥਿਤ ਵਧੀਕੀਆਂ ਰੋਕੇ ਜਾਣ ਦੀ ਮੰਗ ਕੀਤੀ|
ਹਰਮਿੰਦਰ ਸਿੰਘ ਗਿੱਲ ਨਾਲ ਸੁਖਪਾਲ ਸਿੰਘ ਭੁੱਲਰ (ਖੇਮਕਰਨ) ਅਤੇ ਰਮਨਜੀਤ ਸਿੰਘ ਸਿੱਕੀ (ਖਡੂਰ ਸਾਹਿਬ) ਨੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਕਥਿਤ ਵਧੀਕੀਆਂ ਦੀ ਜਾਣਕਾਰੀ ਦਿੱਤੀ। ਆਗੂਆਂ ਦੋਸ਼ ਲਗਾਇਆ ਕਿ ਸਰਕਾਰੀ ਧਿਰ ਦੀ ਸ਼ਹਿ ’ਤੇ ਬੀਡੀਪੀਓ ਅਤੇ ਪੰਚਾਇਤ ਸਕੱਤਰਾਂ ਵੱਲੋਂ ਕਾਂਗਰਸ ਨਾਲ ਸਬੰਧਤ ਸਰਪੰਚ ਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਵੱਡੀ ਪੱਧਰ ’ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਰਿਟਨਨਿੰਗ ਅਧਿਕਾਰੀਆਂ ਦੇ ਦਫਤਰਾਂ ਨੂੰ ਜਾਂਦੇ ਰਾਹਾਂ ’ਤੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੀ ਪਛਾਣ ਕੀਤੇ ਜਾਣ ਦੀ ਵੀ ਮੰਗ ਕੀਤੀ| ਉਨ੍ਹਾਂ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ’ਤੇ ਜ਼ੋਰ ਦਿੱਤਾ|