EVM verification: ਸੁਪਰੀਮ ਕੋਰਟ ਦੇ ਕਿਸੇ ਦੂਜੇ ਬੈਂਚ ਵੱਲੋਂ ਜਨਵਰੀ ਵਿਚ ਕੀਤੀ ਜਾਵੇਗੀ ਸੁਣਵਾਈ
ਨਵੀਂ ਦਿੱਲੀ, 20 ਦਸੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਤਸਦੀਕ ਲਈ ਪਾਲਿਸੀ (ਨੀਤੀ) ਬਣਾਉਣ ਦੀ ਮੰਗ ਕਰਦੀ ਪਟੀਸ਼ਨ ਉੱਤੇ ਹੁਣ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਵੱਲੋਂ ਅਗਲੇ ਸਾਲ ਜਨਵਰੀ ਵਿਚ ਸੁਣਵਾਈ ਕੀਤੀ ਜਾਵੇਗੀ। ਚੀਫ਼ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੈ ਕੁਮਾਰ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਹਰਿਆਣਾ ਦੇ ਸਾਬਕਾ ਮੰਤਰੀ ਤੇ ਪੰਜ ਵਾਰ ਵਿਧਾਇਕ ਕਰਨ ਸਿੰਘ ਦਲਾਲ ਤੇ ਲਖਨ ਕੁਮਾਰ ਸਿੰਗਲਾ ਵੱਲੋਂ ਦਾਇਰ ਪਟੀਸ਼ਨ ਉੱਤੇ ਜਸਟਿਸ ਦੱਤਾ ਦੇ ਬੈਂਚ ਵੱਲੋਂ 20 ਜਨਵਰੀ ਤੋਂ ਸ਼ੁਰੂ ਹੋ ਰਹੇ ਹਫ਼ਤੇ ਦੌਰਾਨ ਸੁਣਵਾਈ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਜਸਟਿਸ ਖੰਨਾ ਤੇ ਜਸਟਿਸ ਦੱਤਾ ਦੇ ਬੈਂਚ ਨੇ ਇਸ ਸਾਲ ਅਪਰੈਲ ਵਿਚ ਸੁਣਾਏ ਫੈਸਲੇ ’ਚ ਚੋਣਾਂ ਮੁੜ ਬੈਲੇਟ ਪੇਪਰਾਂ ਨਾਲ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਤੋਂ ਪਹਿਲਾਂ 13 ਦਸੰਬਰ ਨੂੰ ਜਸਟਿਸ ਵਿਕਰਮ ਨਾਥ ਤੇ ਜਸਟਿਸ ਪੀਬੀ ਵਾਰਾਲੇ ਦੇ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਮਿਲਦੀਆਂ ਜੁਲਦੀਆਂ ਪਟੀਸ਼ਨਾਂ ’ਤੇ ਪਹਿਲਾਂ ਸੁਣਵਾਈ ਕਰਨ ਵਾਲੇ ਬੈਂਚ ਵੱਲੋਂ ਹੀ ਇਹ ਮਾਮਲਾ ਸੁਣਿਆ ਜਾਵੇ। ਹੁਣ ਇਹ ਮਾਮਲਾ ਸੀਜੇਆਈ ਦੀ ਅਗਵਾਈ ਵਾਲੇ ਬੈਂਚ ਅੱਗੇ ਸੂਚੀਬੱਧ ਕੀਤਾ ਗਿਆ ਸੀ। -ਪੀਟੀਆਈ