For the best experience, open
https://m.punjabitribuneonline.com
on your mobile browser.
Advertisement

ਸਭ ਗੋਲਮਾਲ ਹੈ...ਇੰਸਟਾਗ੍ਰਾਮ ’ਤੇ ਸਾਕ ਲੱਭਿਆ ਪਰ ਪੈਲੇਸ ’ਚ ਨਾ ਲੱਭੀ ਲਾੜੀ

10:06 PM Dec 06, 2024 IST
ਸਭ ਗੋਲਮਾਲ ਹੈ   ਇੰਸਟਾਗ੍ਰਾਮ ’ਤੇ ਸਾਕ ਲੱਭਿਆ ਪਰ ਪੈਲੇਸ ’ਚ ਨਾ ਲੱਭੀ ਲਾੜੀ
ਪੁਲੀਸ ਨੂੰ ਹੱਡਬੀਤੀ ਦੱਸਦਾ ਹੋਇਆ ਪੀੜਤ ਲਾੜਾ ਤੇ ਪਰਿਵਾਰਕ ਮੈਂਬਰ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਦਸੰਬਰ
ਇੱਥੇ ਅੱਜ ਜਲੰਧਰ ਤੋਂ ਇੱਕ ਲਾੜਾ ਬਰਾਤ ਲੈ ਕੇ ਪਹੁੰਚ ਗਿਆ ਪਰ ਇੱਥੇ ਉਸ ਨੂੰ ਨਾ ਦੱਸਿਆ ਹੋਇਆ ਪੈਲੇਸ ਮਿਲਿਆ ਅਤੇ ਨਾ ਹੀ ਲਾੜੀ ਜਾਂ ਉਸ ਦੇ ਪਰਿਵਾਰ ਦਾ ਕੋਈ ਥਹੁ-ਪਤਾ ਲੱਗਿਆ। ਬਰਾਤੀ ਸੜਕ ’ਤੇ ਹੀ ਬੈਠੇ ਰਹੇ। ਇਸ ਮਗਰੋਂ ਉਨ੍ਹਾਂ ਪੀਸੀਆਰ ਉੱਤੇ ਇਤਲਾਹ ਦਿੱਤੀ। ਉਨ੍ਹਾਂ ਕੋਲ ਪੁੱਜੀ ਪੁਲੀਸ ਨੇ ਜਦੋਂ ਉਸ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ ਜਿਸ ’ਤੇ ਲਾੜੀ ਨਾਲ ਗੱਲਬਾਤ ਹੁੰਦੀ ਸੀ ਤਾਂ ਉਹ ਨੰਬਰ ਬੰਦ ਆਇਆ। ਇਸ ਮਗਰੋਂ ਬਰਾਤ ਵਾਪਸ ਚਲੀ ਗਈ।
ਇਸ ਮੌਕੇ ਨਕੋਦਰ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਮੜਿਆਲਾ ਦੇ ਦੀਪਕ ਨੇ ਦੱਸਿਆ ਕਿ ਉਹ ਅਰਬ ਦੇਸ਼ ਵਿੱਚ ਕੰਮ ਕਰਦਾ ਸੀ। ਇਸ ਦੌਰਾਨ ਉਸ ਦੀ ਮਨਪ੍ਰੀਤ ਕੌਰ ਨਾਮ ਦੀ ਲੜਕੀ ਨਾਲ ਇੰਸਟਾਗ੍ਰਾਮ ’ਤੇ ਦੋਸਤੀ ਹੋ ਗਈ। ਇਹ ਗੱਲਬਾਤ ਕਰੀਬ ਤਿੰਨ ਸਾਲਾਂ ਹੁੰਦੀ ਰਹੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਲੜਕੀ ਨੇ ਉਸ ਕੋਲੋਂ 50-60 ਹਜ਼ਾਰ ਰੁਪਏ ਵੀ ਹੜੱਪ ਲਏ ਹਨ। ਪੀੜਤ ਲਾੜੇ ਨੇ ਦੋਸ਼ ਲਾਇਆ ਕਿ ਲੜਕੀ ਨੇ ਪਹਿਲਾਂ 2 ਦਸੰਬਰ ਨੂੰ ਵਿਆਹ ਦੀ ਤਰੀਕ ਦਿੱਤੀ, ਬਾਅਦ ਵਿੱਚ ਉਸ ਨੇ ਆਪਣੇ ਪਿਤਾ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਆਖ ਕੇ ਛੇ ਦਸੰਬਰ ਨੂੰ ਮੋਗਾ ਦੇ ਗੀਤਾ ਭਵਨ ਚੌਕ ਨੇੜੇ ਰੋਜ਼ ਗਾਰਡਨ ਪੈਲੇਸ ਵਿੱਚ ਬਰਾਤ ਲਿਆਉਣ ਲਈ ਆਖਿਆ ਸੀ। ਉਹ ਬਰਾਤ ਲੈ ਕੇ ਉੱਥੇ ਪੁੱਜ ਗਏ। ਉਨ੍ਹਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਰੋਜ਼ ਗਾਰਡਨ ਨਾਮ ਦਾ ਕੋਈ ਪੈਲੇਸ ਹੈ ਹੀ ਨਹੀਂ। ਇੱਥੇ ਉਨ੍ਹਾਂ ਨੇ ਕਈ ਘੰਟੇ ਉਡੀਕ ਕੀਤੀ ਪਰ ਲਾੜੀ ਜਾਂ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਆਇਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

Advertisement

Advertisement
Author Image

Advertisement