For the best experience, open
https://m.punjabitribuneonline.com
on your mobile browser.
Advertisement

ਹਰ ਵਾਰ ਭਗਤਾਂ ਵਾਲਾ ਕੂੜੇ ਦਾ ਡੰਪ ਚੋਣਾਂ ਵੇਲੇ ਬਣਦੈ ਮੁੱਦਾ

08:48 AM Apr 12, 2024 IST
ਹਰ ਵਾਰ ਭਗਤਾਂ ਵਾਲਾ ਕੂੜੇ ਦਾ ਡੰਪ ਚੋਣਾਂ ਵੇਲੇ ਬਣਦੈ ਮੁੱਦਾ
ਅੰਮ੍ਰਿਤਸਰ ਵਿੱਚ ਭਗਤਾਂ ਵਾਲਾ ਕੂੜਾ ਡੰਪ ਦਿਖਾਉਂਦੇ ਹੋਏ ਨੇੜਲੇ ਵਾਸੀ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਅਪਰੈਲ
ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਸ਼ੁਰੂ ਹੋਣ ਦੇ ਨਾਲ ਹੀ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਵਿੱਚ ਬਣੇ ਭਗਤਾਂ ਵਾਲਾ ਕੂੜੇ ਦੇ ਡੰਪ ਦਾ ਮਾਮਲਾ ਮੁੜ ਚੋਣ ਪ੍ਰਚਾਰ ਦਾ ਮੁੱਦਾ ਬਣਨ ਜਾ ਰਿਹਾ ਹੈ। ਇਹ ਮੁੱਦਾ ਪਿਛਲੀਆਂ ਤਿੰਨ ਸਰਕਾਰਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਪਰ ਡੰਪ ਅੱਜ ਵੀ ਜਿਵੇਂ ਦਾ ਤਿਵੇਂ ਹੈ। ਅੰਮ੍ਰਿਤਸਰ ਦੇ ਦੱਖਣੀ ਵਿਧਾਨ ਸਭਾ ਹਲਕੇ ਵਿੱਚ ਅਨਾਜ ਮੰਡੀ ਦੇ ਨੇੜੇ ਲਗਪਗ 25 ਏਕੜ ਰਕਬੇ ਵਿੱਚ ਫੈਲਿਆ ਇਹ ਡੰਪ ਪਿਛਲੇ ਦਹਾਕੇ ਤੋਂ ਚੋਣ ਮੁੱਦਾ ਬਣਿਆ ਆ ਰਿਹਾ ਹੈ। ਸਥਾਨਕ ਲੋਕ ਇਸ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਕੂੜੇ ਦੇ ਡੰਪ ਕਾਰਨ ਸਥਾਨਕ ਕਲੋਨੀਆਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ। ਲੋਕਾਂ ਵੱਲੋਂ ਪਹਿਲਾਂ ਅਕਾਲੀ ਭਾਜਪਾ, ਫੇਰ ਕਾਂਗਰ ਅਤੇ ਹੁਣ ‘ਆਪ’ ਸਰਕਾਰ ਵੇਲੇ ਵੀ ਇਸ ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਕੀਤੀ ਗਈ ਪਰ ਸਿਆਸੀ ਪਾਰਟੀਆਂ ਨੇ ਇਸ ਮੁੱਦੇ ’ਤੇ ਵੋਟਾਂ ਤਾਂ ਬਟੋਰੀਆਂ ਹਨ ਪਰ ਡੰਪ ਅੱਜ ਵੀ ਉੱਥੇ ਦਾ ਉੱਥੇ ਹੈ ।
ਹੁਣ ਇਹ ਮਾਮਲਾ ਉਸ ਵੇਲੇ ਮੁੜ ਸਾਹਮਣੇ ਆਇਆ ਹੈ, ਜਦੋਂ ਭਾਜਪਾ ਦੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਪ੍ਰਭਾਵਿਤ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਉਹ ਇਹ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾਉਣਗੇ ਅਤੇ ਕੂੜੇ ਦੇ ਡੰਪ ਨੂੰ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦਾ ਯਤਨ ਕਰਨਗੇ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਵੇਲੇ ਦੇ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਇਸੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਨੂੰ ਛੱਡ ਦਿੱਤਾ ਸੀ ਅਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।
ਉਨ੍ਹਾਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਸੀ ਅਤੇ ਵਿਧਾਇਕ ਬਣੇ ਸਨ। ਉਧਰ, ਇਹ ਸਮੱਸਿਆ ਕਾਂਗਰਸ ਦੇ ਰਾਜ ਵੇਲੇ ਵੀ ਇਸੇ ਤਰ੍ਹਾਂ ਬਣੀ ਰਹੀ ਅਤੇ ਇਸ ਦਾ ਹੱਲ ਨਾ ਹੋ ਸਕਿਆ। 2019 ਵਿੱਚ ਉਸ ਵੇਲੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਸੀ। ਨਗਰ ਨਿਗਮ ਦੀ ਮਦਦ ਨਾਲ ਕੁੱਲ 25 ਏਕੜ ਵਿੱਚੋਂ 20 ਏਕੜ ਰਕਬੇ ਵਿੱਚ ਕੂੜੇ ਦੇ ਪਹਾੜ ਨੂੰ ਜ਼ਮੀਨ ਵਾਂਗ ਪੱਧਰਾ ਕਰ ਦਿੱਤਾ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਵੀ ਇਸ ਮੁੱਦੇ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਸੀ। ਉਹ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਵੀ ਰਹੇ ਪਰ ਇਹ ਮਸਲਾ ਜਿਉਂ ਦਾ ਤਿਉਂ ਰਿਹਾ।

Advertisement

ਸਮੁੱਚੇ ਅੰਮ੍ਰਿਤਸਰ ਵਾਸੀਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ: ਸੰਜੇ ਸ਼ਰਮਾ

ਸਥਾਨਕ ਲੋਕਾਂ ਵੱਲੋਂ ਕੂੜੇ ਦੇ ਡੰਪ ਨੂੰ ਹਟਾਉਣ ਲਈ ਸੰਘਰਸ਼ ਕਮੇਟੀ ਵੀ ਬਣਾਈ ਹੋਈ ਹੈ। ਇਸ ਦੇ ਆਗੂ ਸੰਜੇ ਸ਼ਰਮਾ ਨੇ ਆਖਿਆ ਕਿ ਸਮੁੱਚੇ ਅੰਮ੍ਰਿਤਸਰ ਦੇ ਲੋਕਾਂ ਨੂੰ ਕੂੜੇ ਦੇ ਡੰਪ ਨੂੰ ਹਟਾਉਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਅਣਅਧਿਕਾਰਤ ਤੌਰ ’ਤੇ 30 ਕੂੜੇ ਦੇ ਡੰਪ ਚਲਦੇ ਸਨ, ਜਿਨ੍ਹਾਂ ਵਿੱਚੋਂ 22 ਖਤਮ ਕਰ ਦਿੱਤੇ ਗਏ ਹਨ। ਸਾਰਿਆਂ ਦਾ ਕੂੜਾ ਇੱਥੇ ਭਗਤਾਂ ਵਾਲਾ ਡੰਪ ਵਿੱਚ ਸੁੱਟਿਆ ਜਾਂਦਾ ਹੈ। ਜਦੋਂ ਇਹ ਕੂੜਾ ਅੱਗ ਲੱਗਣ ਨਾਲ ਸੜਦਾ ਹੈ ਤਾਂ ਇਸ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ, ਜਿਸ ਨਾਲ ਲੋਕਾਂ ਨੂੰ ਸਾਹ ਦੀ ਬਿਮਾਰੀ ਪੈਦਾ ਹੋ ਰਹੀ ਹੈ।

Advertisement
Author Image

sukhwinder singh

View all posts

Advertisement
Advertisement
×