For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਕਾਰਜਕਾਲ ਦੌਰਾਨ ਸੂਬੇ ਦਾ ਹਰ ਵਰਗ ਦੁਖੀ: ਅਸ਼ੋਕ ਅਰੋੜਾ

10:22 AM Sep 15, 2024 IST
ਭਾਜਪਾ ਦੇ ਕਾਰਜਕਾਲ ਦੌਰਾਨ ਸੂਬੇ ਦਾ ਹਰ ਵਰਗ ਦੁਖੀ  ਅਸ਼ੋਕ ਅਰੋੜਾ
ਥਾਨੇਸਰ ਦੀ ਅਨਾਜ ਮੰਡੀ ਵਿੱਚ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਵਪਾਰੀਆਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਸਤੰਬਰ
ਥਾਨੇਸਰ ਤੋਂ ਕਾਂਗਰਸ ਦੇ ਉਮੀਦਵਾਰ ਅਸ਼ੋਕ ਅਰੋੜਾ ਨੇ ਕਿਹਾ ਹੈ ਕਿ ਅੱਜ ਸੂਬੇ ਦਾ ਕੋਈ ਵੀ ਵਰਗ ਸੁਰੱਖਿਅਤ ਨਹੀਂ ਹੈ। ਕਾਰੋਬਾਰੀਆਂ ਤੋਂ ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਦਿਨ ਦਿਹਾੜੇ ਕਤਲ ਹੋ ਰਹੇ ਹਨ, ਕਾਨੂੰਨ ਵਿਵਸਥਾ ਦਾ ਦੀਵਾਲਾ ਨਿਕਲ ਚੁੱਕਾ ਹੈ, ਸੂਬੇ ਦੇ ਵਪਾਰੀਆਂ ਲਈ ਕਾਰੋਬਾਰ ਕਰਨਾ ਔਖਾ ਹੋ ਗਿਆ ਹੈ। ਹਰ ਰੋਜ਼ ਕਤਲ ਲੁੱਟ-ਖਸੁੱਟ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸ ਕਰਕੇ ਵਪਾਰੀ ਵਰਗ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਸ਼ੋਕ ਅਰੋੜਾ ਨਵੀਂ ਅਨਾਜ ਮੰਡੀ ਵਿੱਚ ਵਪਾਰੀਆਂ ਦੇ ਇੱਕਠ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਵਿੱਚ ਪੁੱਜਣ ’ਤੇ ਵਪਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਪੂਰੇ ਸੂਬੇ ਵਿੱਚ ਹਰ ਵਰਗ ਭਾਜਪਾ ਦੇ 10 ਸਾਲਾਂ ਦੇ ਕੁਸਾਸ਼ਨ ਤੋਂ ਦੁਖੀ ਹੈ। ਸੂਬੇ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਲੋਕ ਭਾਜਪਾ ਦਾ ਸਫਾਇਆ ਤੇ ਕਾਂਗਰਸ ਨੂੰ ਸੱਤਾ ਸੌਂਪਣ ਦਾ ਮਨ ਬਣਾ ਚੁੱਕੇ ਹਨ। ਭਾਜਪਾ ਸਾਸ਼ਨ ਵਿੱਚ ਹਰ ਵਰਗ ਦਾ ਅਪਮਾਨ ਹੋਇਆ। ਕਿਸਾਨ, ਵਪਾਰੀ, ਸਰਕਾਰੀ ਕਰਮਚਾਰੀ, ਸਰਪੰਚ, ਨੰਬਰਦਾਰ, ਆਂਗਨਵਾੜੀ ਵਰਕਰਾਂ ਸਣੇ ਜੋ ਵੀ ਹੱਕ ਮੰਗਣ ਆਇਆ ਉਸ ਤੇ ਲਾਠੀ ਚਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰਿਆਣਾ ਜੋ ਕਦੇ ਵਿਕਾਸ ਤੇ ਰੁਜ਼ਗਾਰ ਵਿੱਚ ਨੰਬਰ ਇੱਕ ’ਤੇ ਸੀ ਅੱਜ ਅਪਰਾਧ ਤੇ ਬੇਰੁਜ਼ਗਾਰੀ ਵਿੱਚ ਨੰਬਰ ਇਕ ’ਤੇ ਹੈ। ਅਰੋੜਾ ਨੇ ਵਪਾਰੀਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ 8 ਅਕਤੂਬਰ ਨੂੰ ਜਦੋਂ ਚੋਣ ਨਤੀਜੇ ਐਲਾਨੇ ਜਾਣਗੇ ਤਾਂ ਕਾਂਗਰਸ ਦੀ ਸਰਕਾਰ ਬਹੁਮੱਤ ਨਾਲ ਆਏਗੀ ਤੇ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਬਲਾਕ ਸੀਮਿਤੀ ਮੈਂਬਰ ਰੋਹਿਤ ਮਡਾਨ ਤੇ ਲੋਕ ਸਭਾ ਚੋਣਾਂ ਵਿੱਚ ਸਮਤਾ ਪਾਰਟੀ ਦੇ ਉਮੀਦਵਾਰ ਨਰੇਸ਼ ਜੋਗੀ ਆਪਣੇ ਸਮਰਥਕਾਂ ਸਣੇ ਕਾਂਗਰਸ ਵਿਚ ਸ਼ਾਮਲ ਹੋ ਗਏ। ਅਰੋੜਾ ਨੇ ਉਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement