ਡੁੱਲ੍ਹੇ ਖੂਨ ਦੇ ਹਰ ਕਤਰੇ ਦਾ ਬਦਲਾ ਲਿਆ ਜਾਵੇਗਾ: ਮਨੋਜ ਸਿਨਹਾ
ਸ੍ਰੀਨਗਰ, 26 ਅਕਤੂਬਰ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਕਿਹਾ ਕਿ ਇਸ ਵਾਦੀ ਵਿੱਚ ਨਿਰਦੋਸ਼ਾਂ ਦੇ ਡੁੱਲ੍ਹੇ ਖੂਨ ਦੇ ਹਰ ਕਤਰੇ ਦਾ ਬਦਲਾ ਲਿਆ ਜਾਵੇਗਾ ਅਤੇ ਅਤਿਵਾਦ ਦਾ ਲੱਕ ਤੋੜਨ ਲਈ ਪੂਰੀ ਸਮਰਥਾ ਦੀ ਵਰਤੋਂ ਕੀਤੀ ਜਾਵੇਗੀ। ਇੱਥੇ ਹੁਮਹਾਮਾ ਸਥਿਤ ਐੱਸਟੀਸੀ ਵਿੱਚ ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਦੀ ਪਾਸਿੰਗ ਆਊਟ-ਕਮ-ਅਟੈਸਟੇਸ਼ਨ ਪਰੇਡ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਨਹਾ ਨੇ ਕਿਹਾ ਕਿ ਪਾਕਿਸਤਾਨ ਨੇ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀਆਂ ਆਪਣੀਆਂ ਨਾਪਾਕ ਹਰਕਤਾਂ ਬਰਕਰਾਰ ਰੱਖੀਆਂ ਹੋਈਆਂ ਹਨ। ਉਨ੍ਹਾਂ ਕਿਹਾ, ‘‘ਬਦਕਿਸਮਤੀ ਨਾਲ ਸਾਡਾ ਗੁਆਂਢੀ ਮੁਲਕ ਹੈ, ਜੋ ਆਜ਼ਾਦੀ ਤੋਂ ਬਾਅਦ ਤੋਂ ਹੀ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਗਤੀਵਿਧੀਆਂ ਲਗਾਤਾਰ ਜਾਰੀ ਰੱਖੀਆਂ ਹੋਈਆਂ ਹਨ। ਆਪਣੇ ਨਾਗਰਿਕਾਂ ਦੀ ਗ਼ਰੀਬੀ ਅਤੇ ਭੁੱਖ ਦੇ ਬਾਵਜੂਦ ਉਹ ਅਤਿਵਾਦ ਨੂੰ ਸਮਰਥਨ ਦੇਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਰਗੇ ਨਾਪਾਕ ਕੰਮਾਂ ਵਿੱਚ ਜੁਟਿਆ ਹੋਇਆ ਹੈ।’’ ਗੰਦਰਬਲ ਅਤੇ ਬਾਰਮੂਲਾ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲਿਆਂ ਦਾ ਜ਼ਿਕਰ ਕਰਦਿਆਂ ਉਪ ਰਾਜਪਾਲ ਨੇ ਕਿਹਾ, ‘‘ਇਹ ਅਹਿਦ ਲਿਆ ਗਿਆ ਹੈ ਕਿ ਸਾਡੇ ਸੁਰੱਖਿਆ ਬਲਾਂ ਵੱਲੋਂ ਖੂਨ ਦੇ ਇੱਕ-ਇੱਕ ਕਤਰੇ ਦਾ ਬਦਲਾ ਲਿਆ ਜਾਵੇਗਾ।’’ -ਪੀਟੀਆਈ
ਗੁਲਮਰਗ ਹਮਲੇ ਸਬੰਧੀ ਤਲਾਸ਼ੀ ਮੁਹਿੰਮ ਜਾਰੀ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਗੁਲਮਰਗ ਸੈਕਟਰ ਵਿੱਚ ਫੌਜ ਦੇ ਕਾਫ਼ਲੇ ’ਤੇ ਕੀਤੇ ਘਾਤ ਲਾ ਕੇ ਹਮਲੇ ਵਿੱਚ ਤਿੰਨ ਤੋਂ ਚਾਰ ਅਤਿਵਾਦੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅੱਜ ਸਵੇਰੇ ਮੁੜ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਫੌਜ ਦੇ ਕਾਫ਼ਲੇ ’ਤੇ ਹੋਏ ਹਮਲੇ ਵਿੱਚ ਦੋ ਫੌਜੀ ਜਵਾਨਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਸੀ। -ਪੀਟੀਆਈ