ਹਰ ਦਿੱਲੀ ਵਾਸੀ ਮੇਰੇ ਪਰਿਵਾਰ ਦਾ ਹਿੱਸਾ: ਕੇਜਰੀਵਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਫਰਵਰੀ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸੋਮਵਾਰ ਨੂੰ 780 ਬਜ਼ੁਰਗ ਸ਼ਰਧਾਲੂਆਂ ਨੂੰ ਲੈ ਕੇ 89ਵੀਂ ਰੇਲਗੱਡੀ ਦਿੱਲੀ ਤੋਂ ਤਿਰੂਪਤੀ ਬਾਲਾਜੀ ਲਈ ਰਵਾਨਾ ਹੋਈ। ਇਸ ਤੋਂ ਪਹਿਲਾਂ ਤਿਆਗਰਾਜ ਸਟੇਡੀਅਮ ਵਿੱਚ ਸ਼ਰਧਾਲੂਆਂ ਲਈ ਭਜਨ ਸ਼ਾਮ ਕਰਵਾਈ ਗਈ ਜਿੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ। ਇਸ ਯਾਤਰਾ ਦੌਰਾਨ ਤਿਰੂਪਤੀ ਬਾਲਾਜੀ ਤੋਂ ਇਲਾਵਾ ਸ਼ਰਧਾਲੂ ਪਦਮਾਵਤੀ ਅਤੇ ਇਸਕੋਨ ਮੰਦਰ ਦੇ ਦਰਸ਼ਨ ਕਰਨਗੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ, ‘‘ਸਾਨੂੰ ਆਪਣੇ ਬਜ਼ੁਰਗਾਂ ਨੂੰ ਤੀਰਥ ਯਾਤਰਾ ’ਤੇ ਲਿਜਾਣ ਦੀ ਪ੍ਰੇਰਨਾ ਸਰਵਣ ਕੁਮਾਰ ਤੋਂ ਮਿਲੀ ਹੈ। ਸਾਨੂੰ ਸਰਵਣ ਕੁਮਾਰ ਦੀਆਂ ਬਚਪਨ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਕਿ ਕਿਵੇਂ ਉਹ ਆਪਣੇ ਅੰਨ੍ਹੇ ਬਜ਼ੁਰਗ ਮਾਤਾ-ਪਿਤਾ ਨੂੰ ਮੋਢਿਆਂ ’ਤੇ ਚੁੱਕ ਕੇ ਤੀਰਥ ਯਾਤਰਾ ’ਤੇ ਨਿਕਲਿਆ ਸੀ।’’ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਦਿੱਲੀ ਦੇ ਲੋਕਾਂ ਨੂੰ ਹਮੇਸ਼ਾ ਆਪਣਾ ਪਰਿਵਾਰ ਮੰਨਿਆ ਹੈ। ਇਸ ਲਈ ਆਪਣੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਪ੍ਰਦਾਨ ਕਰਨਾ ਮੇਰਾ ਫਰਜ਼ ਹੈ, ਜਿਸ ਨੂੰ ਮੈਂ ਪੂਰਾ ਕਰ ਰਿਹਾ ਹਾਂ।’’
ਤਿਆਗਰਾਜ ਸਟੇਡੀਅਮ ’ਚ ਮੰਜੂ ਬਾਲਾਜੀ ਨੇ ਮੁੱਖ ਮੰਤਰੀ ਨੂੰ ਜੱਫੀ ਪਾ ਕੇ ਆਸ਼ੀਰਵਾਦ ਦਿੱਤਾ। ਇਸ ਦੌਰਾਨ ਮਾਲ ਮੰਤਰੀ ਆਤਿਸ਼ੀ ਦਾ ਸ਼ਰਧਾਲੂ ਪਾਰਵਤੀ ਵੱਲੋਂ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਨੇ ਸ਼ਰਧਾਲੂ ਪ੍ਰੇਮਵਤੀ ਨੂੰ ਯਾਤਰਾ ਟਿਕਟ ਭੇਟ ਕੀਤੀ ਅਤੇ ਉਸ ਦੀ ਸੁਖਦ ਅਤੇ ਸਫਲ ਯਾਤਰਾ ਦੀ ਕਾਮਨਾ ਕੀਤੀ। ਉਪਰੰਤ ਭਜਨ ਗਾਏ ਗਏ ਜਿਸ ਦਾ ਸਮੂਹ ਸ਼ਰਧਾਲੂਆਂ ਨੇ ਆਨੰਦ ਮਾਣਿਆ। ਲਗਭਗ ਹਰ ਹਫ਼ਤੇ ਦਿੱਲੀ ਤੋਂ ਇੱਕ ਰੇਲ ਗੱਡੀ ਬਜ਼ੁਰਗ ਸ਼ਰਧਾਲੂਆਂ ਨੂੰ ਦੇਸ਼ ਦੇ ਹਰ ਕੋਨੇ ਵਿੱਚ ਕਿਸੇ ਨਾ ਕਿਸੇ ਤੀਰਥ ਸਥਾਨ ਦੇ ਦਰਸ਼ਨਾਂ ਲਈ ਲੈ ਕੇ ਜਾਂਦੀ ਹੈ। ਤੀਰਥ ਯਾਤਰਾ ਯੋਜਨਾ ਤਹਿਤ ਰਾਮੇਸ਼ਵਰਮ, ਦਵਾਰਕਾਧੀਸ਼, ਪੁਰੀ, ਹਰਿਦੁਆਰ, ਰਿਸ਼ੀਕੇਸ਼, ਮਥੁਰਾ, ਵ੍ਰਿੰਦਾਵਨ, ਸ਼ਿਰਡੀ ਬਾਬਾ ਸਮੇਤ ਲਗਪਗ 13 ਤੀਰਥ ਸਥਾਨ ਹਨ। ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਇਨ੍ਹਾਂ ’ਚੋਂ ਕਿਸੇ ਵੀ ਤੀਰਥ ਸਥਾਨ ਦੀ ਚੋਣ ਕਰ ਸਕਦੇ ਹਨ ਅਤੇ ਤੀਰਥ ਯਾਤਰਾ ਕਰ ਸਕਦੇ ਹਨ। ਹੁਣ ਤੱਕ ਦਿੱਲੀ ਤੋਂ 88 ਟਰੇਨਾਂ ਰਵਾਨਾ ਹੋ ਚੁੱਕੀਆਂ ਹਨ ਅਤੇ ਅੱਜ ਇਹ 89ਵੀਂ ਟਰੇਨ ਤਿਰੂਪਤੀ ਲਈ ਜਾ ਰਹੀ ਹੈ। ਹੁਣ ਤੱਕ ਕਰੀਬ 84 ਹਜ਼ਾਰ ਸ਼ਰਧਾਲੂ ਇਨ੍ਹਾਂ ਰੇਲ ਗੱਡੀਆਂ ਰਾਹੀਂ ਤੀਰਥ ਯਾਤਰਾ ਕਰਕੇ ਵਾਪਸ ਪਰਤੇ ਹਨ।