For the best experience, open
https://m.punjabitribuneonline.com
on your mobile browser.
Advertisement

ਭਾਰਤ ਨਾਲ ਭਾਈਵਾਲੀ ਲਈ ਹਰ ਮੁਲਕ ਉਤਸ਼ਾਹਿਤ: ਸੂਰਿਆ

05:40 AM Jun 05, 2025 IST
ਭਾਰਤ ਨਾਲ ਭਾਈਵਾਲੀ ਲਈ ਹਰ ਮੁਲਕ ਉਤਸ਼ਾਹਿਤ  ਸੂਰਿਆ
ਵਾਸ਼ਿੰਗਟਨ ਵਿੱਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠਲੇ ਵਫ਼ਦ ਦਾ ਸਵਾਗਤ ਕਰਦੇ ਹੋਏ ਅਮਰੀਕਾ ਵਿੱਚ ਭਾਰਤ ਦੇ ਸਫੀਰ ਵਿਨੈ ਮੋਹਨ ਕਵਾਤੜਾ। -ਫੋਟੋ: ਏਐੱਨਆਈ
Advertisement

ਵਾਸ਼ਿੰਗਟਨ, 4 ਜੂਨ
ਅਮਰੀਕਾ ਪਹੁੰਚੇ ਭਾਰਤੀ ਸਰਬ-ਪਾਰਟੀ ਸੰਸਦੀ ਵਫ਼ਦ ਦੇ ਮੈਂਬਰ ਤੇ ਭਾਜਪਾ ਦੇ ਐੱਮਪੀ ਤੇਜਸਵੀ ਸੂਰਿਆ ਨੇ ਕਿਹਾ ਕਿ ਭਾਰਤ ਵਿੱਚ ਨਿਵੇਸ਼ ਨੂੰ ‘ਲੋਕਤੰਤਰ’, ‘ਜ਼ਿੰਮੇਵਾਰ ਨਾਗਰਿਕ ਲੀਡਰਸ਼ਿਪ’ ਅਤੇ ਆਲਮੀ ਵਿਕਾਸ ’ਚ ਨਿਵੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠਲੇ ਸਰਬ-ਪਾਰਟੀ ਵਫ਼ਦ ਨੂੰ ਚਾਰ ਦੇਸ਼ਾਂ ਦੇ ਦੌਰੇ ਦੌਰਾਨ ਮਿਲੇ ਭਰਵੇਂ ਹੁੰਗਾਰੇ ਨੂੰ ਉਭਾਰਿਆ। ਇਹ ਵਫ਼ਦ ਗੁਆਨਾ, ਪਨਾਮਾ, ਕੋਲੰਬੀਆ ਤੇ ਬ੍ਰਾਜ਼ੀਲ ਦੇ ਦੌਰੇ ਮਗਰੋਂ ਅਮਰੀਕਾ ਪਹੁੰਚਿਆ ਹੈ।
ਤੇਜਸਵੀ ਸੂਰਿਆ ਨੇ ਆਖਿਆ, ‘‘ਹਰੇਕ ਮੁਲਕ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਸੀ ਉਹ ਭਾਰਤ ਨੂੰ ਕੀ ਦੇ ਸਕਦਾ ਹੈ ਤੇ ਭਾਰਤ ਉਨ੍ਹਾਂ ਨੂੰ ਕੀ ਦੇ ਸਕਦਾ ਹੈ। ਉਨ੍ਹਾਂ ਆਖਿਆ ਕਿ ‘ਅਪਰੇਸ਼ਨ ਸਿੰਧੂਰ’ ਦੇ ਏਜੰਡੇ ’ਤੇ ਚਰਚਾ ਮਗਰੋਂ ਵਫ਼ਦ ਨੇ ਮੈਨੂਫੈਕਚਰਿੰਗ ਅਤੇ ਤਕਨਾਲੋਜੀ ਵਰਗੇ ਸੈਕਟਰ ਬਾਰੇ ਗੱਲਬਾਤ ਕੀਤੀ। ਸੂਰਿਆ ਮੁਤਾਬਕ, ‘‘ਲੋਕਾਂ ਨੂੰ ਪਤਾ ਹੈ ਕਿ ਭਾਰਤ ’ਚ ਨਿਵੇਸ਼ ਕਰਨ ਦਾ ਅਰਥ ਲੋਕਤੰਤਰ ’ਚ ਨਿਵੇਸ਼ ਹੈ। ਇਸ ਤੋਂ ਮਤਲਬ ਆਲਮੀ ਵਿਕਾਸ ਤੋਂ ਵੀ ਹੈ।’’ ਉਨ੍ਹਾਂ ਕਿਹਾ ਕਿ ਦੂਜੇ ਪਾਸੇ ਇਹ ਮੁਲਕ ਪਾਕਿਸਤਾਨ ਨਾਲ ਸਿਰਫ ਅਤਿਵਾਦ ਬਾਰੇ ਕਰਨਾ ਚਾਹੁੰਦੇ ਹਨ।
ਵਫ਼ਦ ਦੇ ਇੱਕ ਹੋਰ ਮੈਂਬਰ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਮਿਲਿੰਦ ਦਿਓੜਾ ਨੇ ਕਿਹਾ, ‘‘ਭਾਰਤ ਵਿੱਚ ਲਗਾਤਾਰ ਅਮਰੀਕੀ ਨਿਵੇਸ਼ ਲਈ ਭਾਰਤ ਨੂੰ ਸ਼ਾਂਤੀ ਦੀ ਲੋੜ ਹੈ। ਭਾਰਤ ਨੂੰ ਮਜ਼ਬੂਤ ਸਰਹੱਦਾਂ ਤੇ ਸੁਰੱਖਿਆ ਦੀ ਲੋੜ ਹੈ।’’ ਉਨ੍ਹਾਂ ਆਖਿਆ, ‘‘ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਗੁਆਂਂਢੀ ਸਥਿਰ ਹੋਵੇ।’’ ਦਿਓੜਾ ਨੇ ਕਿਹਾ ਕਿ ਭਾਰਤੀ ਸਰਬ-ਪਾਰਟੀ ਸੰਸਦੀ ਵਫ਼ਦ ਅਮਰੀਕੀ ਕਾਨੂੰਨਸਾਜ਼ਾਂ, ਵੱਖ-ਵੱਖ ‘ਥਿੰਕ ਟੈਕ’ ਮੈਂਬਰਾਂ ਤੇ ਨੀਤੀਗਤ ਮਾਮਲਿਆਂ ਦੇ ਮਾਹਿਰਾਂ ਨੂੰ ਮਿਲ ਕੇ ‘ਅਪਰੇਸ਼ਨ ਸਿੰਧੂਰ’, ਭਾਰਤ ਸਾਹਮਣੇ ਮੌਜੂਦ ਅਤਿਵਾਦ ਦੀ ਚੁਣੌਤੀ ਤੇ ਖੇਤਰੀ ਸੁਰੱਖਿਆ ਸਬੰਧੀ ਸਥਿਤੀ ਦੀ ਜਾਣਕਾਰੀ ਦੇਵੇਗਾ। -ਪੀਟੀਆਈ

Advertisement

ਮਿਸਰ: ਸਰਬ-ਪਾਰਟੀ ਵਫ਼ਦ ਨੇ ਅਤਿਵਾਦ ਦੇ ਟਾਕਰੇ ਲਈ ਸਾਂਝਾ ਸੰਕਲਪ ਦੁਹਰਾਇਆ
ਕਾਹਿਰਾ (ਮਿਸਰ): ਭਾਰਤ ਦੇ ਸਰਬ-ਪਾਰਟੀ ਸੰਸਦੀ ਵਫ਼ਦ ਨੇ ਅਤਿਵਾਦ ਦੇ ਟਾਕਰੇ ਲਈ ਭਾਰਤ ਦੇ ‘ਸਿਧਾਂਤਕ ਰੁਖ਼’ ਅਤੇ ‘ਸਾਝੇ ਸੰਕਲਪ’ ਨੂੰ ਦੁਹਰਾਇਆ ਹੈ। ਮਿਸਰ ਦੇ ਸਾਬਕਾ ਵਿਦੇਸ਼ ਮੰਤਰੀ ਨਾਲ ਇੱਥੇ ਉੱਚ ਪੱਧਰੀ ਗੱਲਬਾਤ ਦੌਰਾਨ ਭਾਰਤੀ ਵਫ਼ਦ ਨੇ ਇਹ ਵਚਨਬੱਧਤਾ ਦੁਹਰਾਈ। ਐੱਨਸੀਪੀ (ਐੱਸਪੀ) ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਦੀ ਅਗਵਾਈ ਹੇਠ ਵਫ਼ਦ ਨੇ ਮੰਗਲਵਾਰ ਨੂੰ ਮਿਸਰ ਦੇ ਉੱਘੇ ਬੁੱਧੀਜੀਵੀਆਂ, ਮੀਡੀਆ ਖੇਤਰ ਦੀਆਂ ਅਹਿਮ ਹਸਤੀਆਂ ਤੇ ਮਾਹਿਰਾਂ ਨਾਲ ਉਸਾਰੂ ਗੱਲਬਾਤ ਕੀਤੀ। ਇੱਥੇ ਭਾਰਤੀ ਦੂਤਘਰ ਨੇ ‘ਐੱਕਸ’ ਉੱਤੇ ਪੋਸਟ ’ਚ ਕਿਹਾ ਕਿ ਮਿਸਰ ਦੇ ਸਾਬਕਾ ਵਿਦੇਸ਼ ਮੰਤਰੀ ਨਬੀਲ ਫਾਹਮੀ ਦੀ ਅਗਵਾਈ ਹੇਠ ਸੰਵਾਦ ਸੈਸ਼ਨ ’ਚ ਵਫ਼ਦ ਨੇ ‘ਅਤਿਵਾਦ ਦੇ ਟਾਕਰੇ ਲਈ ਭਾਰਤ ਦੇ ਸਿਧਾਂਤਕ ਰੁਖ ਅਤੇ ਸਾਂਝੇ ਸੰਕਲਪ ਨੂੰ ਦੁਹਰਾਇਆ ਅਤੇ ਮਿਸਰ ਦੇ ਲਗਾਤਾਰ ਸਹਿਯੋਗ ਦਾ ਸਵਾਗਤ ਕੀਤਾ।’ ਦੂਤਘਰ ਨੇ ਇੱਕ ਹੋਰ ਪੋਸਟ ’ਚ ਕਿਹਾ, ‘‘ਉੱਚ ਪੱਧਰੀ ਸਰਬ-ਪਾਰਟੀ ਵਫ਼ਦ ਦੇ ਮੈਂਬਰਾਂ ਦੀ ਮਿਸਰ ਦੇ ਕੁਝ ਮੀਡੀਆ ਅਦਾਰਿਆਂ ਨੇ ਇੰਟਰਵਿਊ ਵੀ ਲਈ ਹੈ। ਮੈਂਬਰਾਂ ਨੇ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।’’ ਇਸ ਦੌਰਾਨ ਗਰੁੱਪ ਨੇ ਹੈਲੀਓਪੋਲਿਸ ਦੀ ਜੰਗੀ ਯਾਦਗਾਰ ਦਾ ਦੌਰਾ ਕੀਤਾ ਤੇ ਪਹਿਲੀ ਤੇ ਦੂਜੀ ਸੰਸਾਰ ਜੰਗ ’ਚ ‘ਸ਼ਹਾਦਤ ਦੇਣ ਵਾਲੇ ਭਾਰਤੀ ਸੈਨਿਕਾਂ’ ਨੂੰ ਸ਼ਰਧਾਂਜਲੀ ਭੇਟ ਕੀਤੀ। -ਏਪੀ

Advertisement
Advertisement

Advertisement
Author Image

Gurpreet Singh

View all posts

Advertisement