ਸਕੂਲ ਸਿੱਖਿਆ ’ਤੇ ਹਰ ਬੱਚੇ ਦਾ ਹੱਕ
ਸੁਮੀਤ ਸਿੰਘ
ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ ਅਤੇ ਜੇਕਰ ਇਹ ਵਿੱਦਿਆ ਮੁੱਖ ਤੌਰ ’ਤੇ ਵਿਗਿਆਨਕ ਤੇ ਸਮਾਜਿਕ ਚੇਤਨਾ ਅਤੇ ਨੈਤਿਕ ਕਦਰਾਂ ਕੀਮਤਾਂ ’ਤੇ ਆਧਾਰਿਤ ਹੋਵੇ ਤਾਂ ਸਮਾਜ ਨੂੰ ਲੋਕ ਪੱਖੀ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਵੱਲ ਸੇਧਿਤ ਕਰ ਕੇ ਇਕ ਵਿਕਸਤ ਸਮਾਜ ਸਿਰਜਿਆ ਜਾ ਸਕਦਾ ਹੈ। ਬੇਸ਼ੱਕ ਸਾਡੇ ਦੇਸ਼ ਦੇ ਵਿਗਿਆਨੀਆਂ ਨੇ ਵਿਗਿਆਨ ਅਤੇ ਤਕਨਾਲੋਜੀ ਦੀ ਮਦਦ ਨਾਲ ਚੰਦਰਯਾਨ-3 ਰਾਹੀਂ ਚੰਦਰਮਾ ’ਤੇ ਪਹੁੰਚ ਕਰ ਕੇ ਪੂਰੀ ਦੁਨੀਆਂ ਵਿੱਚ ਆਪਣੀ ਜਿੱਤ ਦਾ ਲੋਹਾ ਮੰਨਵਾਇਆ ਹੈ ਪਰ ਸਾਡੇ ਦੇਸ਼ ਦੀ ਸਕੂਲੀ ਸਿੱਖਿਆ ਸਿਲੇਬਸ ਵਿੱਚ ਜ਼ਿਆਦਾਤਰ ਗੈਰ ਵਿਗਿਆਨਕ, ਰੂੜੀਵਾਦੀ ਅਤੇ ਮਿਥਿਹਾਸਿਕ ਪਾਠਕ੍ਰਮਾਂ ਦੀ ਅਜੇ ਵੀ ਭਰਮਾਰ ਹੈ, ਜੋ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਪੈਦਾ ਹੋਣ ਤੋਂ ਰੋਕਦੀ ਹੈ ਅਤੇ ਉਨ੍ਹਾਂ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ, ਅੰਧ-ਵਿਸ਼ਵਾਸ ਅਤੇ ਸਮਾਜਿਕ ਅਲਾਮਤਾਂ ਫੈਲਣ ਦਾ ਕਾਰਨ ਵੀ ਬਣਦੇ ਹਨ।
ਬੇਹੱਦ ਅਫ਼ਸੋਸਜਨਕ ਹੈ ਕਿ ਕੇਂਦਰ ਸਰਕਾਰ ਵੱਲੋਂ ਇਕ ਸਿਆਸੀ ਫ਼ਿਰਕੂ ਏਜੰਡੇ ਹੇਠ ਪਿਛਲੇ 9 ਸਾਲਾਂ ਤੋਂ ਵਿਦਿਆਰਥੀਆਂ ਤੋਂ ਬੋਝ ਘਟਾਉਣ ਦੇ ਨਾਂਅ ਹੇਠ ਸਿੱਖਿਆ ਪਾਠਕ੍ਰਮ ’ਚੋਂ ਵਿਗਿਆਨਕ ਚੇਤਨਾ, ਡਾਰਵਨਿ ਦਾ ਜੀਵ ਵਿਕਾਸ ਸਿਧਾਂਤ, ਮਨੁੱਖ ਦੀ ਉਤਪਤੀ, ਜਮਹੂਰੀਅਤ, ਧਰਮ ਨਿਰਪੱਖਤਾ, ਫੈਡਰਲ ਢਾਂਚਾ, ਜਮਹੂਰੀ ਅਧਿਕਾਰ, ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ, ਊਰਜਾ ਦੇ ਸੋਮੇ ਆਦਿ ਦੇ ਬੁਨਿਆਦੀ ਅਤੇ ਮਹੱਤਵਪੂਰਨ ਪਾਠਕ੍ਰਮਾਂ ਨੂੰ ਬਾਹਰ ਕੱਢ ਕੇ ਜੋਤਿਸ਼, ਵਾਸਤੂ ਸ਼ਾਸਤਰ ਸਮੇਤ ਕਈ ਤਰ੍ਹਾਂ ਦੇ ਰੂੜੀਵਾਦੀ, ਮਿਥਿਹਾਸਕ ਅਤੇ ਪਿਛਾਂਹ ਖਿੱਚੂ ਪਾਠਕ੍ਰਮ ਸ਼ਾਮਲ ਕੀਤੇ ਗਏ ਹਨ।
ਭਾਰਤੀ ਸੰਵਿਧਾਨ ਦੀ ਧਾਰਾ 51- ਏ (ਐੱਚ) ਅਨੁਸਾਰ ਹਰੇਕ ਭਾਰਤੀ ਨਾਗਰਿਕ ਦਾ ਇਹ ਸੰਵਿਧਾਨਕ ਫਰਜ਼ ਮਿੱਥਿਆ ਗਿਆ ਹੈ ਕਿ ਉਹ ਸਮਾਜ ਵਿਚ ਵਿਗਿਆਨਕ ਸੋਚ ਅਤੇ ਇਨਸਾਨੀਅਤ ਦੀ ਭਾਵਨਾ ਵਿਕਸਤ ਕਰਨ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਜਾਣਨ ਅਤੇ ਉਨ੍ਹਾਂ ਵਿਚ ਸੁਧਾਰ ਕਰਨ ਦੀ ਭਾਵਨਾ ਵਿਕਸਤ ਕਰਨ ਦੇ ਯਤਨ ਕਰੇ। ਹਕੀਕਤ ਇਹ ਹੈ ਕਿ ਇਕ ਵਿਅਕਤੀ ਨੂੰ ਸਿਹਤਮੰਦ ਤੇ ਸਵੈ ਵਿਸ਼ਵਾਸੀ ਬਣਾਉਣ ਅਤੇ ਬਿਹਤਰ ਸਮਾਜ ਦੀ ਸਿਰਜਣਾ ਕਰਨ ਲਈ ਉਸ ਦਾ ਵਿਗਿਆਨਕ ਅਤੇ ਸੰਘਰਸ਼ਸ਼ੀਲ ਸੋਚ ਨਾਲ ਲੈਸ ਹੋਣਾ ਬੇਹੱਦ ਜ਼ਰੂਰੀ ਹੈ। ਇਸੇ ਮਕਸਦ ਨੂੰ ਮੁੱਖ ਰੱਖਦੇ ਹੋਏ ਪਿਛਲੇ ਪੰਜ ਸਾਲ ਤੋਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿਚਲੀ ਚੇਤਨਾ ਦੀ ਪਰਖ ਲਈ ਪੰਜਾਬ ਦੇ ਸਕੂਲਾਂ ਵਿਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨਾ, ਉਨ੍ਹਾਂ ਨੂੰ ਵਹਿਮਾਂ ਭਰਮਾਂ ਤੇ ਹਰ ਤਰ੍ਹਾਂ ਦੇ ਅੰਧ-ਵਿਸ਼ਵਾਸਾਂ ਤੋਂ ਮੁਕਤ ਕਰਨਾ ਅਤੇ ਸਮਾਜ ਦੇ ਅਸਲ ਨਾਇਕਾਂ, ਵਿਗਿਆਨੀਆਂ, ਦਾਰਸ਼ਨਿਕਾਂ, ਸਿੱਖਿਆ ਸ਼ਾਸਤਰੀਆਂ, ਅਮਰ ਸ਼ਹੀਦਾਂ ਅਤੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਉਹ ਉੱਚ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣ ਕੇ ਸਮਾਜ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਇਸ ਪ੍ਰੀਖਿਆ ਲਈ ਤਰਕਸ਼ੀਲ਼ ਸੁਸਾਇਟੀ ਵੱਲੋਂ ਹਰ ਸਾਲ ਮਿਡਲ (ਛੇਵੀਂ ਤੋਂ ਅੱਠਵੀਂ ਜਮਾਤ) ਅਤੇ ਸੈਕੰਡਰੀ (ਨੌਵੀਂ ਤੋਂ ਬਾਰ੍ਹਵੀਂ ਜਮਾਤ) ਗਰੁੱਪਾਂ ਲਈ ਦੋ ਵੱਖ-ਵੱਖ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਦੋ ਮਹੀਨੇ ਪਹਿਲਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜਨਿ੍ਹਾਂ ਵਿੱਚੋਂ ਅਬਜੈਕਟਿਵ ਟਾਈਪ ਦੇ 100 ਪ੍ਰਸ਼ਨਾਂ ’ਤੇ ਆਧਾਰਿਤ ਪ੍ਰੀਖਿਆ ਲਈ ਜਾਂਦੀ ਹੈ। ਇਸ ਪ੍ਰੀਖਿਆ ਵਿਚ ਸੂਬੇ ਦੇ ਜ਼ੋਨ ਅਤੇ ਇਕਾਈ ਪੱਧਰ ’ਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ, ਤਰਕਸ਼ੀਲ਼ ਕਿਤਾਬਾਂ, ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ। ਅਜਿਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਨਮਾਨ ਸਮਾਗਮ ਕੀਤੇ ਜਾਂਦੇ ਹਨ। ਇਸ ਗੱਲ ਦੀ ਬੜੀ ਸੰਤੁਸ਼ਟੀ ਹੈ ਕਿ ਇਸ ਚੇਤਨਾ ਪਰਖ ਪ੍ਰੀਖਿਆ ਲਈ ਸਕੂਲ ਮੁਖੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਹਰ ਸਾਲ ਵੱਡਾ ਹੁੰਗਾਰਾ ਮਿਲਦਾ ਆ ਰਿਹਾ ਹੈ ਅਤੇ ਹਰ ਸਾਲ ਵਿਦਿਆਰਥੀਆਂ, ਸਕੂਲਾਂ ਅਤੇ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧ ਰਹੀ ਹੈ। ਸੰਨ 2017 ਤੋਂ ਸ਼ੁਰੂ ਹੋਈ ਇਸ ਚੇਤਨਾ ਪ੍ਰੀਖਿਆ ਲਈ ਪਹਿਲੇ ਸਾਲ ਲਗਭਗ 5500, ਦੂਜੇ ਸਾਲ 10,600, ਤੀਜੇ ਸਾਲ 17,240 (ਸੰਨ 2020 ਅਤੇ 2021 ਕਰੋਨਾ ਸਾਲ ਛੱਡ ਕੇ) ਚੌਥੇ ਸਾਲ 25,075 ਅਤੇ ਇਸ ਸਾਲ 36,253 ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟਰੇਸ਼ਨ ਕਰਵਾਈ ਹੈ। ਇਹ ਪ੍ਰੀਖਿਆਵਾਂ ਸਾਲ ਦਰ ਸਾਲ ਕ੍ਰਮਵਾਰ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ, ਇਤਿਹਾਸਕ ਕਿਸਾਨ ਅੰਦੋਲਨ ਅਤੇ ਮਹਾਨ ਵਿਗਿਆਨੀਆਂ ਸਟੀਫਨ ਹਾਕਿੰਗ ਅਤੇ ਚਾਰਲਸ ਡਾਰਵਨਿ ਨੂੰ ਸਮਰਪਿਤ ਕੀਤੀਆਂ ਜਾਂਦੀਆਂ ਹਨ।
ਇਸ ਸਾਲ ਚਾਰਲਸ ਡਾਰਵਨਿ ਨੂੰ ਸਮਰਪਿਤ 2-3 ਸਤੰਬਰ ਤੇ 6 ਅਕਤੂਬਰ ਨੂੰ ਹੋਈ 5ਵੀਂ ਚੇਤਨਾ ਪ੍ਰੀਖਿਆ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਹੈ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰੀਖਿਆ ਲਈ ਜਾਰੀ ਕਿਤਾਬਾਂ ਵਿਚਲੇ ਪਾਠਕ੍ਰਮ ਪੜ੍ਹ ਕੇ ਰਵਾਇਤੀ ਸਿੱਖਿਆ ਤੋਂ ਬਿਲਕੁਲ ਹਟਵਾਂ ਨਵਾਂ ਗਿਆਨ, ਵਿਗਿਆਨ, ਨੈਤਿਕ ਕਦਰਾਂ ਕੀਮਤਾਂ ਅਤੇ ਵਿਗਿਆਨਕ ਚੇਤਨਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣੇ ਹਨ। ਇਸ ਚੇਤਨਾ ਪ੍ਰੀਖਿਆ ਵਿਚਲੇ ਦਿਲਚਸਪ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੇ ਦਿਮਾਗ ਹੋਰ ਰੋਸ਼ਨ ਹੋਏ ਹਨ ਅਤੇ ਉਨ੍ਹਾਂ ਵਿੱਚ ਸਵੈ ਵਿਸ਼ਵਾਸ ਅਤੇ ਜ਼ਿੰਦਗੀ ਵਿਚ ਸੰਘਰਸ਼ ਕਰਨ ਦੀ ਭਾਵਨਾ ਪਹਿਲਾਂ ਨਾਲੋਂ ਹੋਰ ਵਧੀ ਹੈ। ਇਨ੍ਹਾਂ ਕਿਤਾਬਾਂ ਦਾ ਅਧਿਐਨ ਕਰਨ ਤੋਂ ਬਾਅਦ ਬਚਪਨ ਤੋਂ ਹੀ ਉਨ੍ਹਾਂ ਦੇ ਦਿਮਾਗ਼ਾਂ ਵਿੱਚ ਬੈਠੇ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ, ਅੰਧ-ਵਿਸ਼ਵਾਸਾਂ, ਅਖੌਤੀ ਚਮਤਕਾਰਾਂ ਅਤੇ ਸਮਾਜਿਕ ਬੁਰਾਈਆਂ ਨੂੰ ਆਪਣੀ ਮਾਨਸਿਕਤਾ ’ਚੋਂ ਮਿਟਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਪ੍ਰੀਖਿਆ ਸਬੰਧੀ ਵੱਖ-ਵੱਖ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਵਿਗਿਆਨ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ ਭਰਮਾਂ, ਧਾਗੇ ਤਵੀਤਾਂ, ਜਨਮ ਟੇਵਿਆਂ, ਰਾਸ਼ੀ ਫਲ, ਨਸ਼ਿਆਂ, ਭ੍ਰਿਸ਼ਟਾਚਾਰ, ਜਾਤ-ਪਾਤ, ਫਿਰਕਾਪ੍ਰਸਤੀ, ਪਾਖੰਡੀ ਬਾਬਿਆਂ, ਸਾਧਾਂ, ਜੋਤਸ਼ੀਆਂ, ਡੇਰਿਆਂ ਦੇ ਝਾਂਸਿਆਂ ਤੋਂ ਬਚਣ ਅਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦ੍ਰਿਸ਼ਟੀਕੋਣ, ਸਖ਼ਤ ਮਿਹਨਤ, ਸਵੈ ਵਿਸ਼ਵਾਸ, ਜਮਹੂਰੀਅਤ, ਧਰਮ ਨਿਰਪੱਖਤਾ, ਸਮਾਜਿਕ ਨਿਆਂ, ਸੱਚਾਈ, ਬਰਾਬਰੀ ਅਤੇ ਇਨਸਾਨੀਅਤ ਆਦਿ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਵਿਦਿਅਕ ਅਦਾਰਿਆਂ ਵਿਚ ਸਮੇਂ-ਸਮੇਂ ’ਤੇ ਅਜਿਹੀਆਂ ਵਿਗਿਆਨਕ ਚੇਤਨਾ ਪ੍ਰੀਖਿਆਵਾਂ ਕਰਵਾਉਣੀਆਂ ਬੇਹੱਦ ਜ਼ਰੂਰੀ ਹਨ ਅਤੇ ਮੌਜੂਦਾ ਵਿਗਿਆਨ ਦੇ ਸਮਿਆਂ ਦੀ ਲੋੜ ਵੀ ਹੈ।
ਵਿਕਸਤ ਦੇਸ਼ ਵਿਗਿਆਨਕ ਸੋਚ ਦੇ ਜ਼ਰੀਏ ਵਿਗਿਆਨ ਤੇ ਤਕਨੀਕ ’ਚ ਪੁਲਾਂਘਾਂ ਪੁੱਟਦੇ ਵਿਕਾਸ ਕਰ ਰਹੇ ਹਨ ਅਤੇ ਨਾਗਰਿਕਾਂ ਲਈ ਆਧੁਨਿਕ ਸਿੱਖਿਆ ਤੇ ਸਿਹਤ ਸਹੂਲਤਾਂ ਯਕੀਨੀ ਬਣਾ ਕੇ ਜੀਵਨ ਮਿਆਰ ਤੇ ਔਸਤ ਉਮਰ ’ਚ ਵਾਧਾ ਕਰ ਰਹੇ ਹਨ ਪਰ ਸਾਡੀਆਂ ਹਕੂਮਤਾਂ ਜਨਤਾ ਨੂੰ ਅੰਧ-ਵਿਸ਼ਵਾਸ ਤੇ ਫ਼ਿਰਕੂ ਨਫਰਤ ਦੀ ਦਲਦਲ ਵਿਚ ਸੁੱਟ ਰਹੀਆਂ ਹਨ। ਵਿਗਿਆਨਕ ਚੇਤਨਾ ਲਈ ਪ੍ਰਗਤੀਸ਼ੀਲ ਤੇ ਜਮਹੂਰੀ ਸੰਸਥਾਵਾਂ ਵਲੋਂ ਵੱਡੇ ਯਤਨਾਂ ਦੀ ਲੋੜ ਹੈ। ਵਿਦਿਆਰਥੀਆਂ ’ਚ ਵਿਗਿਆਨਕ ਤੇ ਸਮਾਜਿਕ ਅਤੇ ਬੁਨਿਆਦੀ ਹੱਕਾਂ ਲਈ ਸੰਘਰਸ਼ ਦੀ ਚੇਤਨਾ ਲਈ ਸਿੱਖਿਆ ਪ੍ਰਣਾਲੀ ਨੂੰ ਵਿਗਿਆਨਕ ਲੀਹਾਂ ’ਤੇ ਉਸਾਰਨ ਦੀ ਲੋੜ ਹੈ।
ਸੰਪਰਕ: 76960-30173