For the best experience, open
https://m.punjabitribuneonline.com
on your mobile browser.
Advertisement

ਸਕੂਲੀ ਸਿੱਖਿਆ ’ਤੇ ਹਰ ਬੱਚੇ ਦਾ ਹੱਕ

06:46 AM Oct 17, 2023 IST
ਸਕੂਲੀ ਸਿੱਖਿਆ ’ਤੇ ਹਰ ਬੱਚੇ ਦਾ ਹੱਕ
Advertisement

ਡਾ. ਵਰਿੰਦਰ ਭਾਟੀਆ
ਸਕੂਲੀ ਸਿੱਖਿਆ ਨਾਲ ਜੁੜੇ ਕੁਝ ਪ੍ਰੇਸ਼ਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਦੁਨੀਆਂ ਦੇ 25 ਕਰੋੜ ਬੱਚੇ ਅਜੇ ਵੀ ਸਕੂਲੀ ਸਿੱਖਿਆ ਤੋਂ ਵਾਂਝੇ ਹਨ। ਇਸ ਸਬੰਧੀ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ, ਯੂਨੈਸਕੋ ਨੇ ਆਪਣੀ ਨਵੀਂ ਰਿਪੋਰਟ “ਮਿਡਟਰਮ ਪ੍ਰੋਗਰੈਸ ਰਿਵਿਊ” ਵਿਚ ਦੱਸਿਆ ਹੈ ਕਿ 2021 ਤੋਂ ਸਕੂਲੀ ਸਿੱਖਿਆ ਤੋਂ ਵਾਂਝੇ ਬੱਚਿਆਂ ਦੀ ਗਿਣਤੀ ਘਟਣ ਦੀ ਬਜਾਏ ਵਧ ਰਹੀ ਹੈ ਅਤੇ ਇਹ ਅੰਕੜਾ ਵਧਿਆ ਹੈ।
ਯੂਨੈਸਕੋ ਵੱਲੋਂ 2023 ਵਿਚ ਜਾਰੀ ਕੀਤੀ ਗਲੋਬਲ ਐਜੂਕੇਸ਼ਨ ਮਾਨੀਟਰਿੰਗ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ 2015 ਤੋਂ ਲੈ ਕੇ ਹੁਣ ਤੱਕ ਪ੍ਰਾਇਮਰੀ ਸਿੱਖਿਆ ਪੂਰੀ ਕਰਨ ਵਾਲੇ ਬੱਚਿਆਂ ਦੀ ਗਿਣਤੀ ਵਿਚ ਸਿਰਫ਼ ਤਿੰਨ ਫ਼ੀਸਦੀ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਇਹ ਅੰਕੜਾ 87 ਫ਼ੀਸਦੀ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਸੈਕੰਡਰੀ ਸਿੱਖਿਆ ਪੂਰੀ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਸਿਰਫ਼ ਪੰਜ ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਅੰਕੜਾ 58 ਫ਼ੀਸਦੀ ਹੋ ਗਿਆ ਹੈ। ਯੂਨੈਸਕੋ ਦੇ ਡਾਇਰੈਕਟਰ-ਜਨਰਲ ਨੇ ਸਾਰੇ ਦੇਸ਼ਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ, ‘‘ਲੱਖਾਂ ਬੱਚਿਆਂ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ।’’
ਸੰਯੁਕਤ ਰਾਸ਼ਟਰ ਦੁਆਰਾ ਜਾਰੀ ਕੀਤੇ ਗਏ  ਅੰਕੜੇ ਦਰਸਾਉਂਦੇ ਹਨ ਕਿ ਅਨਪੜ੍ਹ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਮੁੱਖ ਤੌਰ ’ਤੇ ਅਫਗਾਨਿਸਤਾਨ ਵਿਚ ਲੜਕੀਆਂ ਨੂੰ ਸਿੱਖਿਆ ਤੋਂ ਇਨਕਾਰ ਕਰਨ ਕਾਰਨ ਹੈ ਪਰ ਇਹ ਵਾਧਾ ਵਿਸ਼ਵ ਭਰ ਵਿਚ ਸਿੱਖਿਆ ਦੀ ਉਪਲਬਧਤਾ ਵਿਚ ਆਈ ਵਿਆਪਕ ਖੜੋਤ
ਲਈ ਵੀ ਜ਼ਿੰਮੇਵਾਰ ਹੈ।
ਅੱਜ ਵੀ ਇੱਕ ਅੰਦਾਜ਼ੇ ਮੁਤਾਬਕ 15 ਕਰੋੜ ਬੱਚੇ ਸਕੂਲੀ ਸਿੱਖਿਆ ਤੋਂ ਵਾਂਝੇ ਹਨ। ਜੇਕਰ ਅਸੀਂ ਆਜ਼ਾਦੀ ਤੋਂ ਬਾਅਦ ਹੋਈ ਮਰਦਮਸ਼ੁਮਾਰੀ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਉਸ ਸਮੇਂ ਦੇਸ਼ ਦੀ 19 ਫ਼ੀਸਦੀ ਆਬਾਦੀ ਪੜ੍ਹੀ ਲਿਖੀ ਸੀ। ਆਜ਼ਾਦੀ ਦੇ 75 ਸਾਲਾਂ ਬਾਅਦ 80 ਫ਼ੀਸਦੀ ਲੋਕ ਪੜ੍ਹੇ-ਲਿਖੇ ਹੋ ਗਏ ਹਨ ਪਰ ਅਜੇ ਵੀ 20 ਫ਼ੀਸਦੀ ਭਾਵ 25 ਕਰੋੜ ਲੋਕ ਅਨਪੜ੍ਹ ਹਨ। ਦੁਨੀਆਂ ਭਰ ਵਿਚ ਬੱਚਿਆਂ ਦੀ ਪੜ੍ਹਾਈ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵਿਸ਼ਵ ਭਰ ਵਿਚ ਸਿੱਖਿਆ ਦੇ ਵਿਕਾਸ ਲਈ ਦਿੱਤੀ ਜਾ ਰਹੀ ਸਹਾਇਤਾ ਦਾ ਸਿਰਫ਼ ਇੱਕ ਫ਼ੀਸਦੀ ਤੋਂ ਵੀ ਘੱਟ ਹਿੱਸਾ ਪ੍ਰੀ-ਪ੍ਰਾਇਮਰੀ ਸਿੱਖਿਆ ਲਈ ਦਿੱਤਾ ਜਾ ਰਿਹਾ ਹੈ। ਜੇਕਰ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਹਰ ਬੱਚੇ ਦੀ ਪ੍ਰੀ-ਪ੍ਰਾਇਮਰੀ ਸਿੱਖਿਆ ਲਈ ਲਗਭਗ 25 ਰੁਪਏ ਹਰ ਸਾਲ ਦਿੱਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿਚ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਸ਼ਵ ਭਰ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਦੀ ਹਾਲਤ ਕੀ ਹੋਵੇਗੀ। ਇਹੀ ਕਾਰਨ ਹੈ ਕਿ ਗ਼ਰੀਬ ਅਤੇ ਕਮਜ਼ੋਰ ਵਰਗਾਂ ਦੇ ਕਰੀਬ 80 ਫ਼ੀਸਦੀ ਬੱਚੇ ਅਜੇ ਵੀ ਸਿੱਖਿਆ ਤੋਂ ਵਾਂਝੇ ਹਨ। ਸਾਨੂੰ ਇਸ ਮੁੱਦੇ ’ਤੇ ਵੀ ਸਵੈ-ਪੜਚੋਲ ਕਰਨ ਦੀ ਲੋੜ ਹੈ। ਬਿਹਤਰ ਹੋਵੇਗਾ ਕਿ ਸਾਰੇ ਰਾਜਾਂ ਵਿਚ ਮੁੱਢਲੀ ਸਕੂਲੀ ਸਿੱਖਿਆ ਤੋਂ ਵਾਂਝੇ ਬੱਚਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸਿੱਖਿਆ ਦੇ ਘੇਰੇ ਵਿਚ ਸ਼ਾਮਲ ਕਰਨ ਲਈ ਕਦਮ ਚੁੱਕੇ ਜਾਣ।
ਝਾਰਖੰਡ ਵਿਚ ਸਿੱਖਿਆ ਦੀ ਮਾੜੀ ਹਾਲਤ ਬਾਰੇ ਹਾਲ ਹੀ ਵਿਚ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ ਝਾਰਖੰਡ ਵਿਚ ਇੱਕ ਤਿਹਾਈ ਪ੍ਰਾਇਮਰੀ ਸਕੂਲ ਸਿਰਫ਼ ਇੱਕ ਅਧਿਆਪਕ ਨਾਲ ਚੱਲ ਰਹੇ ਹਨ। ਵਰਣਨਯੋਗ ਹੈ ਕਿ ਇਨ੍ਹਾਂ ਸਕੂਲਾਂ ਵਿਚ 90 ਫੀਸਦੀ ਬੱਚੇ ਦਲਿਤ ਅਤੇ ਆਦਿਵਾਸੀ ਪਰਿਵਾਰਾਂ ਤੋਂ ਆਉਂਦੇ ਹਨ। ਅਜਿਹੇ ’ਚ ਪਹਿਲਾਂ ਹੀ ਅਣਗਿਣਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਸ ਦੀ ਕਲਪਨਾ ਕਰਨਾ ਵੀ ਦੁਖੀ ਕਰਦਾ ਹੈ। ਇਸ ਨੁਕਤੇ ਬਾਰੇ ਦੇਸ਼ ਦੇ ਹੋਰ ਰਾਜਾਂ ਦੀ ਕੀ ਸਥਿਤੀ ਹੈ, ਇਹ ਪਤਾ ਲਗਾਉਣ ਦੀ ਲੋੜ ਹੈ।
ਹਾਲ ਹੀ ਵਿੱਚ ਦੇਸ਼ ਦੇ ਸਕੂਲਾਂ ’ਤੇ ਕਰਵਾਏ ਗਏ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਦੇਸ਼ ਦੇ ਕਈ ਸਕੂਲਾਂ ਵਿੱਚ ਪਖਾਨੇ, ਬਿਜਲੀ ਅਤੇ ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਦੀ ਵੀ ਸੁਵਿਧਾ ਨਹੀਂ ਹੈ। ਕੀ ਅਜਿਹੇ ਸਕੂਲਾਂ ਦੀ ਮਨਜ਼ੂਰੀ ਜਾਰੀ ਰੱਖਣੀ ਚਾਹੀਦੀ ਹੈ? ਸਾਡੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਇਨ੍ਹਾਂ ਹਾਲਾਤਾਂ ਦੀ ਜਾਂਚ ਕਰ ਕੇ ਆਪਣੀਆਂ ਸਰਕਾਰਾਂ ਨੂੰ ਸੂਚਿਤ ਕਿਉਂ ਨਹੀਂ ਕਰਦੇ ? ਯਕੀਨੀ ਤੌਰ ’ਤੇ ਕਈ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਦੀ ਗਿਣਤੀ ਘੱਟ ਰਹੀ ਹੈ ਅਤੇ ਦਾਖਲਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ, ਜੋ ਕਿ ਕੌੜਾ ਸੱਚ ਹੈ| ਸਿੱਖਿਆ ਮਨੁੱਖ ਦੀ ਮਾਨਸਿਕ ਸ਼ਕਤੀ ਨੂੰ ਵਧਾਉਣ ਲਈ ਜ਼ਰੂਰੀ ਪ੍ਰਕਿਰਿਆ ਹੈ। ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਸਿੱਖਿਆ ਤੋਂ ਵਾਂਝਾ ਕਰਨਾ, ਉਨ੍ਹਾਂ ਦੀ ਮਾਨਸਿਕ ਯੋਗਤਾਵਾਂ ਨੂੰ ਵਿਕਸਿਤ ਹੋਣ ਤੋਂ ਰੋਕਣਾ ਹੈ। ਪੂਰੀ ਅਤੇ ਸਹੀ ਸਿੱਖਿਆ ਦੀ ਘਾਟ ਕਾਰਨ ਮਰਦ ਜਾਂ ਔਰਤ ਬਾਹਰ ਦੇ ਜ਼ਿੰਮੇਵਾਰ ਕੰਮ ਦਾ ਬੋਝ ਚੁੱਕਣ ਤੋਂ ਅਸਮਰੱਥ ਹਨ। ਅਗਸਤ 2015 ਵਿਚ ਅਲਾਹਾਬਾਦ ਹਾਈ ਕੋਰਟ ਨੇ ਆਪਣੇ ਇਤਿਹਾਸਕ ਨਿਰੀਖਣ ਵਿਚ ਕਿਹਾ ਸੀ ਕਿ ਸਰਕਾਰੀ ਸਕੂਲਾਂ ਵਿਚ ਅਫ਼ਸਰਾਂ, ਸਿਆਸਤਦਾਨਾਂ ਅਤੇ ਜੱਜਾਂ ਦੇ ਬੱਚਿਆਂ ਨੂੰ ਲਾਜ਼ਮੀ ਤੌਰ ’ਤੇ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਰਕਾਰੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਕੀਤਾ ਜਾ ਸਕੇ। ਅਦਾਲਤ ਨੇ ਸਰਕਾਰ ਨੂੰ ਇਸ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਵਿਚ ਸ਼ਰਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਸੀ। ਉਹ ਟਿੱਪਣੀ ਸਿੱਖਿਆ ਦੀ ਨੀਂਹ ਨੂੰ ਮਜ਼ਬੂਤ ਕਰਨ ਅਤੇ ਸਮਾਜ ਵਿੱਚ ਬਿਹਤਰ ਸਬੰਧ ਸਥਾਪਤ ਕਰਨ ਦੀ ਦਿਸ਼ਾ ਵਿਚ ਸ਼ਲਾਘਾਯੋਗ ਸੀ ਪਰ ਅੱਜ ਤੱਕ ਉਸ ਨੂੰ ਲਾਗੂ ਨਹੀਂ ਕੀਤਾ ਗਿਆ।
ਅੰਕੜੇ ਦੱਸਦੇ ਹਨ ਕਿ ਦੇਸ਼ ਵਿਚ ਤਕਰੀਬਨ ਪੰਜ ਕਰੋੜ ਬੱਚੇ ਬਾਲ ਮਜ਼ਦੂਰੀ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ ਦੇ ਅਨੁਸਾਰ ਸਾਡੇ ਦੇਸ਼ ਵਿਚ ਹਰ ਚੌਥਾ ਬੱਚਾ ਸਕੂਲੀ ਸਿੱਖਿਆ ਤੋਂ ਵਾਂਝਾ ਹੈ। ਮੇਰਾ ਮੰਨਣਾ ਹੈ ਕਿ ਸਾਡੇ ਸਕੂਲ ਵਿਚ ਇੰਨੀਆਂ ਖਾਮੀਆਂ ਹਨ ਕਿ ਬੱਚੇ ਮਨੋਵਿਗਿਆਨਕ ਤੌਰ ’ਤੇ ਸਕੂਲ ਵਿਚ ਨਹੀਂ ਰਹਿ ਸਕਦੇ। ਖਾਸ ਤੌਰ ’ਤੇ ਭਾਰਤ ਦੇ ਪੇਂਡੂ ਖੇਤਰ ਖਾਸ ਤੌਰ ’ਤੇ ਪ੍ਰਭਾਵਿਤ ਹਨ ਜਿੱਥੇ ਚੰਗੇ ਸਕੂਲ ਨਹੀਂ ਹਨ ਅਤੇ ਜੇਕਰ ਹਨ ਤਾਂ ਮਿਆਰੀ ਅਧਿਆਪਕ ਨਹੀਂ ਹਨ। ਇਨ੍ਹਾਂ ਸਕੂਲਾਂ ’ਚ ਅਧਿਆਪਕਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਸਕੂਲ 1-2 ਅਧਿਆਪਕਾਂ ’ਤੇ ਨਿਰਭਰ ਹਨ, ਅਜਿਹੇ ਵਿਚ ਅਧਿਆਪਕਾਂ ਨੂੰ ਸਕੂਲ ਸਿਸਟਮ ਜਾਂ ਪੜ੍ਹਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ।
ਸਿੱਖਿਆ ਰਾਹੀਂ ਹਾਸਲ ਕੀਤੇ ਗਿਆਨ, ਹੁਨਰ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਦੇ ਆਧਾਰ ’ਤੇ ਲੋਕ ਸਮਾਜ ਵਿੱਚ ਤਬਦੀਲੀ ਲਿਆ ਸਕਦੇ ਹਨ। ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੇਧ ਦੇ ਸਕਦਾ ਹੈ ਕਿਉਂਕਿ ਬੱਚੇ ਕਿਸੇ ਵੀ ਕੌਮ ਦੇ ਭਵਿੱਖੀ ਜੀਵਨ ਦੀ ਨੀਂਹ ਹੁੰਦੇ ਹਨ ਪਰ ਯਾਦ ਰੱਖੋ ਤਰਕਹੀਣ ਸਿੱਖਿਆ ਅਤੇ ਗਿਆਨ ਮਨੁੱਖ ਨੂੰ  ਨਿਘਾਰ ਵੱਲ ਲੈ ਜਾਂਦਾ ਹੈ। ਸਾਨੂੰ ਕਮਜ਼ੋਰ ਬੱਚਿਆਂ ਦੀ ਸਿੱਖਿਆ ਦੀ ਨਿਗਰਾਨੀ ਕਰਨ ਲਈ ਪ੍ਰਭਾਵੀ ਉਪਾਅ ਕਰਨੇ ਚਾਹੀਦੇ ਹਨ ਅਤੇ ਇਹ ਯਕੀਨੀ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ ਕਿ ਉਹ ਕਲਾਸਾਂ ਵਿਚ ਆਉਂਦੇ ਰਹਿਣ।
ਸੰਪਰਕ: 9530659393

Advertisement

Advertisement
Author Image

Advertisement
Advertisement
×